ਰੋਜ਼ਗਾਰ ਪ੍ਰਾਪਤੀ ’ਚ ਸਹਾਇਕ ਮੁਫ਼ਤ ਕੰਪਿਊਟਰ ਸਿਖਲਾਈ 17 ਜਨਵਰੀ ਤੋਂ

ਚਾਹਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 13 ਤੱਕ ਸੰਪਰਕ ਕਰਨ
ਨਵਾਂਸ਼ਹਿਰ, 9 ਜਨਵਰੀ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵਿਖੇ ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਕੀਤੇ ਗਏ 'ਮਾਡਲ ਕੈਰੀਅਰ ਸੈਂਟਰ' ਵਿਖੇ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਦੇ ਰੋਜ਼ਗਾਰ ਸਬੰਧੀ ਹੁਨਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ-ਕਮ-ਨੋਡਲ ਅਧਿਕਾਰੀ ਮਾਡਲ ਕੈਰੀਅਰ ਸੈਂਟਰ, ਸ਼ਹੀਦ ਭਗਤ ਸਿੰਘ ਨਗਰ, ਸੰਜੀਵ ਕੁਮਾਰ  ਵੱਲੋਂ ਦੱਸਿਆ ਗਿਆ ਕਿ ਡਿਜੀਟਲ ਹੁਨਰ ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਮੰਗ ਨੂੰ ਦੇਖਦੇ ਹੋਏ ਮਾਈਕ੍ਰੋਸਾਫ਼ਟ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਕੈਰੀਅਰ ਸਰਵਿਸ, ਰਜਿਸਟਰਡ ਬੇਰੋਜ਼ਗਾਰਾਂ ਨੂੰ ਮੁਫ਼ਤ ਡਿਜ਼ੀਟਲ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਪ੍ਰਾਰਥੀਆਂ ਨੂੰ ਜਾਵਾ, ਪਾਈਥੋਨ, ਐਚ ਟੀ ਐਮ ਐਲ 5 ਅਤੇ ਐਮ ਐਸ ਐਕਸਲ ਕੋਰਸਾਂ ਦੀ ਸਿਖਲਾਈ ਕਰਵਾਈ ਜਾਂਦੀ ਹੈ। ਜਾਵਾ ਅਤੇ ਪਾਈਥੋਨ ਕੋਰਸ ਦੀ ਸਿਖਲਾਈ 6 ਦਿਨ (ਪ੍ਰਤੀ ਦਿਨ 2 ਘੰਟੇ) ਅਤੇ ਐਚ ਟੀ ਐਮ ਐਲ 5 ਅਤੇ ਐਮ ਐਸ ਐਕਸਲ ਦੀ ਸਿਖਲਾਈ 9 ਦਿਨ (2 ਘੰਟੇ ਪ੍ਰਤੀ ਦਿਨ) ਕਰਵਾਈ ਜਾਂਦੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਇੱਕ ਆਨਲਾਈਨ ਮੁਲਾਂਕਣ ਟੈਸਟ ਲਿਆ ਜਾਂਦਾ ਹੈ ਅਤੇ ਕੋਰਸ ਸਬੰਧੀ ਮਾਈਕ੍ਰੋਸਫ਼ਟ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ 17 ਜਨਵਰੀ ਤੋਂ 30 ਜਨਵਰੀ ਤੱਕ ਦੇ ਬੈਚ ਬਣਾਏ ਜਾਣੇ ਹਨ। ਜਿਹੜੇ ਉਮੀਦਵਾਰ ਇਹ ਆਨਲਾਈਨ ਕੋਰਸ ਕਰਨ ਦੇ ਚਾਹਵਾਨ ਹਨ, ਉਹ ਮਿਤੀ 13 ਜਨਵਰੀ 2023 ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਸਰੀ ਮੰਜ਼ਿਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਸ਼੍ਰੀ ਵਿਜੈ ਸਹਿਵਾਗ, 'ਯੰਗ ਪ੍ਰੋਫੈੱਸ਼ਨਲ' ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਬੰਧਤ ਅਧਿਕਾਰੀ ਨਾਲ ਦਫ਼ਤਰੀ ਸਮੇਂ ਦੌਰਾਨ 70656-89983 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਗੂਗਲ ਲਿੰਕ <https://tinyurl.com/2p8xt7r2>  'ਤੇ ਰਜਿਸਟਰ ਕੀਤਾ ਜਾ ਸਕਦਾ ਹੈ।