ਆਰ ਕੇ ਆਰੀਆ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਮਨਾਇਆ ਗਿਆ
ਨਵਾਂਸ਼ਹਿਰ, 25 ਜਨਵਰੀ, 2023:
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਨਵਾਂਸ਼ਹਿਰ ਵਿਖੇ '13ਵੇਂ ਰਾਸ਼ਟਰੀ ਵੋਟਰ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।
ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਹਾਂ ਅਤੇ ਸਾਡੇ ਕੋਲ ਗਲਤ ਅਤੇ ਸਹੀ ਦਾ ਫੈਸਲਾ ਕਰਨ ਲਈ ਜ਼ਿਆਦਾ ਵਿਕਲਪ ਹਨ ਕਿਉਂਕਿ ਸਾਡੇ ਕੋਲ ਯੂਰਪੀਅਨ ਦੇਸ਼ਾਂ ਵਿੱਚ ਦੋ ਪਾਰਟੀ ਪ੍ਰਣਾਲੀ ਦੀ ਬਜਾਏ ਬਹੁ-ਪਾਰਟੀ ਪ੍ਰਣਾਲੀ ਹੈ। ਉਨਾਂ ਨੌਜਵਾਨਾਂ ਲਈ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਚਾਰ ਮੌਕਿਆਂ ਦਾ ਵਾਧਾ ਕਰਕੇ ਹੋਰ ਮੌਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਹੋਣ 'ਤੇ ਵੋਟਰ ਬਣਨ ਲਈ 1 ਜਨਵਰੀ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ, ਹੁਣ ਕੋਈ ਵੀ ਵਿਅਕਤੀ 1 ਜਨਵਰੀ ਤੋਂ ਬਾਅਦ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੀ 18 ਸਾਲ ਦੀ ਉਮਰ ਹੋਣ 'ਤੇ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਇਸ ਪ੍ਰਕਿਰਿਆ ਸਬੰਧੀ ਕੋਈ ਮੁਸ਼ਕਿਲ ਹੈ ਤਾਂ ਸਮੱਸਿਆ ਦੇ ਹੱਲ ਲਈ ਟੋਲ ਫ੍ਰੀ ਸਾਂਝੇ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਨੈਸ਼ਨਲ ਵੋਟਰ ਦਿਵਸ ਦੇ ਇਸ ਸਾਲ ਦੇ ਥੀਮ ਬਾਰੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਥੀਮ 'ਵੋਟ ਵਰਗਾ ਕੁੱਝ ਨਹੀਂ, ਵੋਟ ਜ਼ਰੂਰ ਪਾਵਾਂਗੇ ਅਸੀਂ'ਸਾਨੂੰ ਸਭ ਨੂੰ ਵੋਟਰ ਬਣਨ ਅਤੇ ਮਤਦਾਨ ਦਾ ਸੱਦਾ ਦਿੰਦਾ ਹੈ।
ਕੌਮੀ ਵੋਟਰ ਦਿਵਸ ਮੌਕੇ ਐਵਾਰਡ ਪ੍ਰਾਪਤ ਕਰਨ ਵਾਲੇ ਸਰਵੋਤਮ ਈ.ਆਰ.ਓਜ਼, ਬੀ.ਐਲ.ਓਜ਼ ਅਤੇ ਨੋਡਲ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਨਾਮ ਹੋਰਾਂ ਨੂੰ ਵੀ ਅਗਲੀ ਵਾਰੀ ਲਈ ਪ੍ਰੇਰਿਤ ਕਰਨਗੇ।
ਉਨ੍ਹਾਂ ਨੇ 18 ਤੋਂ 19 ਸਾਲ ਦੀ ਉਮਰ ਵਰਗ ਦੇ ਵੱਧ ਤੋਂ ਵੱਧ ਵੋਟਰ ਰਜਿਸਟਰ ਕਰਨ ਦੇ ਨਾਲ-ਨਾਲ, ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਲਿੰਕ ਕਰਨ ਦੀ ਮੁਹਿੰਮ 'ਚ ਵੀ ਸਭ ਤੋਂ ਵਧੇਰੇ ਯੋਗਦਾਨ ਪਾਉਣ ਲਈ ਵਿਕਰਮਜੀਤ ਪਾਂਥੇ, ਪੀ ਸੀ ਐਸ, ਐਸ ਡੀ ਐਮ ਬਲਾਚੌਰ ਨੂੰ ਸਰਵੋਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਸਰਟੀਫਿਕੇਟ ਪ੍ਰਦਾਨ ਕੀਤਾ।
ਦੋਆਬਾ ਪੋਲੀਟੈਕਨਿਕ ਕਾਲਜ ਰਾਹੋਂ ਦੇ ਠਾਕੁਰ ਪ੍ਰਕਾਸ਼ ਸਿੰਘ ਨੂੰ 18-19 ਸਾਲ ਉਮਰ ਵਰਗ ਵਿੱਚ ਸਭ ਤੋਂ ਵੱਧ ਵੋਟਰ ਬਣਾਉਣ ਲਈ ਸਰਵੋਤਮ ਨੋਡਲ ਅਫ਼ਸਰ ਜਦਕਿ ਇਸੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਇਲਾਹੀ ਬਖਸ਼ ਦੀ ਸ੍ਰੀਮਤੀ ਪਰਵੀਨ ਭੱਟੀ ਨੂੰ ਸਰਵੋਤਮ ਬੂਥ ਲੈਵਲ ਅਫ਼ਸਰ ਵਜੋਂ ਚੁਣਿਆ ਗਿਆ।
ਇਸੇ ਤਰ੍ਹਾਂ ਬੰਗਾ ਤੋਂ ਲੈਕਚਰਾਰ ਰਜਿੰਦਰ ਕੁਮਾਰ ਅਤੇ ਬਲਾਚੌਰ ਤੋਂ ਸੁਭਾਸ਼ ਚੰਦਰ ਲੈਕਚਰਾਰ ਨੂੰ ਸਰਵੋਤਮ ਸਵੀਪ ਨੋਡਲ ਅਫਸਰ ਐਲਾਨਿਆ ਗਿਆ ਜਦੋਂਕਿ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਤੋਂ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਸਵੀਪ ਵਿੱਚ ਸਰਵੋਤਮ ਇਲੈਕਟੋਰਲ ਲਿਟਰੇਸੀ ਕਲੱਬ ਦੀ ਕਾਰਗੁਜ਼ਾਰੀ ਦਾ ਇਨਾਮ ਹਾਸਲ ਕੀਤਾ। ਜ਼ਿਲ੍ਹਾ ਆਈਕੋਨ ਜਸਪਾਲ ਸਿੰਘ ਗਿੱਧਾ, ਦਿਵਿਆਂਗ ਵੋਟਰਾਂ ਦੇ ਕੋਆਰਡੀਨੇਟਰ ਰਜਿੰਦਰ ਗਿੱਲ, ਸਕੂਲ ਮੁਖੀ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਬੂਥ ਲੈਵਲ ਅਫ਼ਸਰਾਂ, ਰਜਿੰਦਰ ਕੁਮਾਰ (147-ਮੁਕੰਦਪੁਰ), ਸੁਖਦੇਵ ਸ਼ਾਰਦਾ (102-ਬੜਵਾ) ਅਤੇ ਗੁਰਦੇਵ ਸਿੰਘ (44- ਟੱਪਰੀਆਂ ਰਾਣੇਵਾਲ) ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਵਿੱਚ (100 ਪ੍ਰਤੀਸ਼ਤ) ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੀ ਐਲ ਐਮ ਗਰਲਜ਼ ਕਾਲਜ ਦੀ ਵਿਦਿਆਰਥਣ ਸਿਮਰਨ ਨੇ 'ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ' ਵਿਸ਼ੇ 'ਤੇ ਭਾਸ਼ਣ ਪੇਸ਼ ਕੀਤਾ ਜਦੋਂਕਿ ਇਸੇ ਕਾਲਜ ਦੀ ਗੁਰਜੀਤ ਕੌਰ ਨੇ ਇੱਕ ਕਵਿਤਾ-'ਜੋ ਵੀ ਕਰਨਾ ਸੋਚ ਕਰ ਕਰਨਾ' ਅਤੇ ਇਸੇ ਕਾਲਜ ਦੀਆਂ ਵਿਦਿਆਰਥਣਾਂ ਨੇ ਨੈਤਿਕ ਵੋਟਿੰਗ 'ਤੇ ਸਕਿੱਟ ਪੇਸ਼ ਕੀਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਜੈਸਮੀਨ ਜੈਲੀ, ਅਮਨਦੀਪ ਕੌਰ, ਸੋਨੀਆ, ਰੀਤੂ ਬੱਧਣ ਅਤੇ ਕਮਲਦੀਪ ਕੌਰ ਨੇ ਮਹਿੰਦੀ ਅਤੇ ਸਿਮਰਨਜੀਤ ਕੌਰ, ਰੀਟਾ ਰਾਣੀ, ਸੋਨੀਆ, ਗੁਰਪ੍ਰੀਤ ਕੌਰ ਅਤੇ ਪਿ੍ਰਆ ਨੇ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਕਢਾਈ ਦੀ ਗਤੀਵਿਧੀ ਵਿੱਚ ਭਾਗ ਲਿਆ।
ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਵੋਟਰ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਆਰ ਕੇ ਆਰੀਆ ਕਾਲਜ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਸਮੇਤ ਸਾਰੀਆਂ ਗਤੀਵਿਧੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਆਰ ਕੇ ਆਰੀਆ ਕਾਲਜ ਦੇ ਪਿ੍ਰੰਸੀਪਲ ਸੰਜੀਵ ਡਾਵਰ ਨੇ ਧੰਨਵਾਦ ਕੀਤਾ ਜਦੋਂ ਕਿ ਨੋਡਲ ਅਫਸਰ ਸਵੀਪ, ਸਤਨਾਮ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਸਟੇਜ 'ਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਏ.ਡੀ.ਸੀ ਰਾਜੀਵ ਵਰਮਾ ਵੱਲੋਂ ਰਾਸ਼ਟਰੀ ਵੋਟਰ ਦਿਵਸ 'ਤੇ ਵੋਟਰ ਸਹੁੰ ਚੁਕਾਈ ਗਈ। ਭਾਰਤ ਦੇ ਚੋਣ ਕਮਿਸ਼ਨ ਦੇ ਥੀਮ ਗੀਤ 'ਮਾਈ ਭਾਰਤ ਹੂੰ' ਦੀ ਆਨਲਾਈਨ ਲਾਂਚਿੰਗ ਵੀ ਲਾਈਵ ਟੈਲੀਕਾਸਟ ਦੌਰਾਨ ਸਰਵਣ ਕੀਤੀ ਗਈ।