ਨਵਾਂਸ਼ਹਿਰ, 18 ਜਨਵਰੀ - ਕਿ੍ਰਸ਼ੀ ਵਿਗਿਆਨ ਕੇਂਦਰ, ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ)
ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਅਸ਼ੋਕ
ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ
ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਲਾਨਾ ਸਿਖਲਾਈ ਪ੍ਰੋਗਰਾਮ ਵਿੱਚ ਨਵੀਆਂ
ਸਿਖਲਾਈ ਵਿਧੀਆਂ ਨੂੰ ਸ਼ਾਮਲ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਕੁਦਰਤੀ ਖੇਤੀ,
ਝੋਨੇ ਦੀ ਘੱਟ ਸਮੇਂ ਵਾਲੀਆਂ ਕਿਸਮਾਂ, ਖੇਤੀ ਵਿੱਚ ਰਵਾਇਤੀ ਸੰਦਾਂ ਦੀ ਵਰਤੋਂ ਅਤੇ
ਪ੍ਰੋਸੈਸਿੰਗ ਰਾਹੀਂ ਬਾਗਬਾਨੀ ਫ਼ਸਲਾਂ ਦਾ ਮੁੱਲ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ
ਵੱਲੋਂ ਸਵੈ-ਸਹਾਇਤਾ ਸਮੂਹਾਂ ਅਤੇ ਅਗਾਂਹਵਧੂ ਕਿਸਾਨਾਂ ਦੇ ਲਾਭ ਲਈ ਲੇਬਲ ਪੈਕੇਜਿੰਗ
ਪ੍ਰਣਾਲੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਤੱਕ ਪਹੁੰਚ
ਸਰਲ ਬਣਾਉਣ ਲਈ ਸੂਚਨਾ ਟੈਕਨਾਲੋਜੀ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਅਤੇ
ਦੂਰ-ਦੁਰਾਡੇ ਦੇ ਕਿਸਾਨਾਂ ਤਕ ਪਹੁੰਚ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਖੇਤੀਬਾੜੀ
ਅਤੇ ਇਸ ਦੇ ਸਹਾਇਕ ਖੇਤਰਾਂ ਨਾਲ ਸਬੰਧਤ ਨਵੀਨਤਮ ਤਕਨਾਲੋਜੀਆਂ ਦਾ ਪ੍ਰਸਾਰ ਕਰਨ ਲਈ
ਨਵੇਂ ਪਿੰਡਾਂ ਨੂੰ ਅਪਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੀ ਸਹਿ-ਪ੍ਰਧਾਨਗੀ
ਕਰਦਿਆਂ ਡਾ. ਪੁਸ਼ਪਿੰਦਰਪਾਲ ਸਿੰਘ ਪੰਨੂ, ਵਧੀਕ ਨਿਰਦੇਸ਼ਕ ਖੋਜ (ਕੁਦਰਤੀ ਸਰੋਤ ਅਤੇ
ਪੌਦ ਸਿਹਤ ਪ੍ਰਬੰਧਨ) ਨੇ ਸਿਹਤਮੰਦ ਵਾਤਾਵਰਣ ਪ੍ਰਣਾਲੀ ਲਈ ਕੁਦਰਤੀ ਭੋਜਨ ਪ੍ਰਣਾਲੀ
ਅਤੇ ਕੁਦਰਤੀ ਖਾਦਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਯੁਕਤ ਖੇਤੀ
ਪ੍ਰਣਾਲੀ ਨੂੰ ਅਪਣਾਉਣ ਦੀ ਵੀ ਮਹੱਤਤਾ ਦਰਸਾਈ। ਉਨ੍ਹਾਂ ਨੇ ਸਿਖਲਾਈ ਵਰਕਸ਼ਾਪਾਂ ਦੇ
ਪ੍ਰਭਾਵ ਦੀ ਵੀ ਸ਼ਲਾਘਾ ਕੀਤੀ ਅਤੇ ਟਿਕਾਊ ਖੇਤੀ ਆਮਦਨ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ
ਖੇਤੀਬਾੜੀ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਡਾ. ਅਮਨਦੀਪ ਸਿੰਘ ਬਰਾੜ, ਉਪ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ. ਮੋਗਾ,
ਡਾ. ਸਤਬੀਰ ਸਿੰਘ, ਉਪ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ. ਰੋਪੜ, ਖੇਤੀਬਾੜੀ ਅਤੇ
ਕਿਸਾਨ ਭਲਾਈ ਵਿਭਾਗ, ਬਾਗਬਾਨੀ, ਭੂਮੀ ਅਤੇ ਜਲ ਸੰਭਾਲ, ਆਤਮਾ, ਪਸ਼ੂ ਪਾਲਣ, ਡੇਅਰੀ,
ਜ਼ਿਲ੍ਹਾ ਵਿਕਾਸ ਆਦਿ ਵਿਭਾਗਾਂ ਦੇ ਮੁਖੀ/ਨੁਮਾਇੰਦੇ, ਅਗਾਂਹਵਧੂ ਕਿਸਾਨ ਬੀਬੀਆਂ ਅਤੇ
ਕਿਸਾਨ ਵੀ ਹਾਜ਼ਰ ਹੋਏ। ਕੇ ਵੀ ਕੇ ਲੰਗੜੋਆ ਦੇ ਉਪ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ
ਸਿੰਘ ਬੌਂਸ, ਨੇ ਚੇਅਰਮੈਨ, ਕੋ-ਚੇਅਰਮੈਨ ਅਤੇ ਕਮੇਟੀ ਮੈਂਬਰਾਂ ਦਾ ਨਿੱਘਾ ਸਵਾਗਤ
ਕੀਤਾ ਅਤੇ ਡਾ. ਹਾਜ਼ਰੀਨ ਨਾਲ ਸਾਲ 2023-24 ਲਈ ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਦੀ
ਸਿਖਲਾਈ ਕਾਰਜ ਯੋਜਨਾ ਸਾਂਝੀ ਕਰਦਿਆਂ ਇਸ ਲਈ ਵਡਮੁੱਲੇ ਸੁਝਾਅ ਮੰਗੇ। ਡਾ. ਅਮਨਦੀਪ
ਸਿੰਘ ਬਰਾੜ ਵੱਲੋਂ ਪਿਛਲੇ ਸਾਲ ਦੀ ਮੀਟਿੰਗ ਦੀ ਕਾਰਵਾਈ ਰਿਪੋਰਟ ਅਤੇ ਸਾਲ 2022
ਦੌਰਾਨ ਕੇ.ਵੀ.ਕੇ ਦੀਆਂ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਅੰਤ
ਵਿੱਚ ਡਾ. ਸਤਬੀਰ ਸਿੰਘ, ਡਿਪਟੀ ਡਾਇਰੈਕਟਰ, ਕੇ ਵੀ ਕੇ ਰੋਪੜ ਨੇ ਸਾਰੇ ਪਤਵੰਤਿਆਂ
ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਬਾਅਦ ਵਿੱਚ ਕਮੇਟੀ ਵੱਲੋਂ ਕੇ ਵੀ ਕੇ ਫਾਰਮ,
ਵੱਖ-ਵੱਖ ਪ੍ਰਦਰਸ਼ਨੀ ਯੂਨਿਟਾਂ ਦਾ ਦੌਰਾ ਅਤੇ ਟਰਾਇਲਾਂ ਦਾ ਨਿਰੀਖਣ ਕੀਤਾ ਗਿਆ।