ਸਰਸਰੀ ਸੁਧਾਈ ਬਾਅਦ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ - ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪੀਆਂ ਗਈਆਂ

ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਬੂਥ ਪੱਧਰੀ ਕੈਂਪ 8 ਜਨਵਰੀ ਨੂੰ
ਨਵਾਂਸ਼ਹਿਰ, 5 ਜਨਵਰੀ : - ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ ਇੱਕ ਜਨਵਰੀ 2023 ਨੂੰ ਆਧਾਰ ਮੰਨ ਕੇ ਸੋਧੀ ਗਈ ਵੋਟਰ ਸੂਚੀ ਦੀ ਅੱਜ ਅੰਤਮ ਪ੍ਰਕਾਸ਼ਨਾ ਬਾਅਦ ਇੱਕ-ਇੱਕ ਸੈੱਟ ਐਸ ਡੀ ਐਮ ਕਮ ਸਹਾਇਕ ਕਮਿਸ਼ਨਰ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ ਵੱਲੋਂ ਰਾਜਸੀ ਪਾਰਟੀਆਂ ਨੂੰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਸਰਸਰੀ ਸੁਧਾਈ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ 491306 ਮਤਦਾਤਾ ਹੋ ਗਏ ਹਨ, ਜਿਨ੍ਹਾਂ 'ਚ 254315 ਪੁਰਸ਼, 236970 ਮਹਿਲਾਵਾਂ ਅਤੇ 21 ਤੀਸਰੇ ਲਿੰਗ ਦੇ ਮਤਦਾਤਾ ਸ਼ਾਮਿਲ ਹਨ। ਵਿਧਾਨ ਸਭਾ ਹਲਕਾਵਾਰ ਮਤਦਾਤਾਵਾਂ 'ਚ ਬੰਗਾ 'ਚ 163818 ਮਤਦਾਤਾ, ਨਵਾਂਸ਼ਹਿਰ 'ਚ 173955 ਮਤਦਾਤਾ ਤੇ ਬਲਾਚੌਰ 'ਚ 153533 ਮਤਦਾਤਾ ਸ਼ਾਮਿਲ ਹਨ।  ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਜੋ ਮਿਤੀ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 01 ਅਕਤੂਬਰ ਨੂੰ 18 ਸਾਲ ਦਾ ਹੋ ਜਾਂਦਾ ਹੈ, ਉਹ ਆਪਣੀ ਵੋਟ ਬਣਵਾ ਸਕਦਾ ਹੈ। ਪਹਿਲਾ ਕੇਵਲ 1 ਜਨਵਰੀ ਨੂੰ ਹੀ ਆਧਾਰ ਮੰਨ ਕੇ ਵੋਟ ਬਣਵਾਈ ਜਾ ਸਕਦੀ ਸੀ। ਇਸ ਸਬੰਧੀ ਆਨਲਾਈਨ ਪੋਰਟਲ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਮੋਬਾਇਲ ਐਪ ਵੋਟਰ ਹੈਲਪਲਾਈਨ ਜਾਂ ਚੋਣ ਕਮਿਸ਼ਨ ਦੇ ਵੈਬ ਪੋਰਟਲ 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਫ਼ਲਾਈਨ ਅਰਜ਼ੀ ਫ਼ਾਰਮ ਐਸ ਡੀ ਐਮ ਦਫ਼ਤਰ/ਬੀ ਐਲ ਓ ਨੂੰ ਵੀ ਦਿੱਤਾ ਜਾ ਸਕਦਾ ਹੈ। ਐਸ ਡੀ ਐਮ ਮੇਜਰ ਸ਼ਿਵਰਾਜ ਸਿੰਘ ਬੱਲ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950, ਉਪ ਸੈਕਸ਼ਨ 23 'ਚ ਲੋੜੀਂਦੀਆਂ ਤਰਮੀਮਾਂ ਕਰਕੇ 1 ਅਗਸਤ 2022 ਤੋਂ ਵੋਟਰ ਸੂਚੀਆਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਬੰਗਾ 'ਚ 87.19, ਨਵਾਂਸ਼ਹਿਰ 'ਚ 80.38 ਅਤੇ ਬਲਾਚੌਰ 'ਚ 87.44 ਫ਼ੀਸਦੀ ਵੋਟਰਾਂ ਨੇ ਆਪਣੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾ ਲਏ ਹਨ।  ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਹਾਲੇ ਤੱਕ ਵੀ ਆਪਣੇ ਆਧਾਰ ਕਾਰਡ ਲਿੰਕ ਨਹੀਂ ਕਰਵਾ ਸਕੇ, ਉਹ ਐਤਵਾਰ 8 ਜਨਵਰੀ ਨੂੰ ਬੂਥ ਪੱਧਰ 'ਤੇ ਲਾਏ ਜਾਣ ਵਾਲੇ ਵਿਸ਼ੇਸ਼ ਕੈਂਪ 'ਚ ਬੀ ਐਲ ਓ ਨੂੰ ਆਪਣੇ ਆਧਾਰ ਕਾਰਡ ਫ਼ਾਰਮ 6 ਬੀ 'ਚ ਦੇ ਕੇ ਆਪਣੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਕੋਲ ਆਧਾਰ ਕਾਰਡ ਉਪਲਬਧ ਨਹੀਂ  ਹੈ, ਉਹ ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ 11 ਕਿਸਮ ਦੇ ਦਸਤਾਵੇਜ਼ ਜਿਵੇਂ ਕਿ ਮਨਰੇਗਾ ਕਾਰਡ, ਬੈਂਕ/ਡਾਕਖਾਨਾ ਪਾਸ ਬੁੱਕ, ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਐਨ ਪੀ ਆਰ ਆਰ ਜੀ ਆਈ ਸਮਾਰਟ ਕਾਰਡ, ਪਾਸਪੋਰਟ, ਪੈਨਸ਼ਨ ਦਸਤਾਵੇਜ਼, ਸਰਕਾਰੀ ਵਿਭਾਗ/ਦਫ਼ਤਰ ਦਾ ਸ਼ਨਾਖਤੀ ਕਾਰਡ, ਐਮ ਐਲ ਏ/ਐਮ ਪੀ ਵੱਲੋਂ ਜਾਰੀ ਸ਼ਨਾਖਤੀ ਕਾਰਡ ਅਤੇ ਸਰਕਾਰ ਵੱਲੋਂ ਜਾਰੀ ਦਿਵਿਆਂਗਤਾ ਸ਼ਨਾਖਤੀ ਕਾਰਡ, ਦੇ ਸਕਦਾ ਹੈ। ਉਨ੍ਹਾਂ ਨਾਲ ਹੀ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਲੋਕ ਸਭਾ ਚੋਣ ਤੱਕ ਹਰੇਕ ਯੋਗ ਵਿਅਕਤੀ ਦੀ ਵੋਟ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਆਪਣਾ ਇੱਕ-ਇੱਕ ਬੂਥ ਲੈਵਲ ਏਜੰਟ ਤਾਇਨਾਤ ਕਰਕੇ ਉਸ ਦੀ ਸੂਚੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਜ਼ਰੂਰ ਦੇਣ। ਇਸ ਮੌਕੇ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਅਮਨਦੀਪ ਸਿੰਘ, ਚੋਣ ਕਾਨੂੰਗੋ ਦਲਜੀਤ ਸਿੰਘ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੁਦ ਸਨ।