ਡੀ ਸੀ ਵੱਲੋਂ ਮੀਟਿੰਗ ਕਰਕੇ ਦੁਕਾਨਾਂ ਅੱਗੇ ਕੀਤੇ ਕਬਜ਼ਿਆਂ ਨੂੰ ਹਟਾਉਣ ਲਈ ਵਪਾਰ ਮੰਡਲ ਪਾਸੋਂ ਸਹਿਯੋਗ ਦੀ ਮੰਗ

ਨਵਾਂਸ਼ਹਿਰ, 6 ਜਨਵਰੀ :ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਅੱਜ ਵਪਾਰ ਮੰਡਲ ਨਾਲ
ਮੀਟਿੰਗ ਕਰਕੇ ਉਨ੍ਹਾਂ ਪਾਸੋਂ ਸ਼ਹਿਰ ਦੀਆਂ ਸੜ੍ਹਕਾਂ ਅਤੇ ਬਜ਼ਾਰਾਂ 'ਚ ਨਿਰਵਿਘਨ
ਆਵਾਜਾਈ ਯਕੀਨੀ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਸ਼ਹਿਰ 'ਚ ਨਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਖਰਾਬ ਵਿਵਸਥਾ 'ਤੇ
ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ
ਅਤੇ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਪਹੁੰਚ ਨੂੰ ਸੁਖਦ ਬਣਾਉਣ ਲਈ
ਸਾਨੂੰ ਸਵੈ-ਇੱਛਾ ਨਾਲ ਹੀ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ
ਮੁਹਿੰਮ ਚਲਾਉਣੀ ਚਾਹੀਦੀ ਹੈ।ਉਨ੍ਹਾਂ ਆਖਿਆ ਕਿ ਨਵਾਂਸ਼ਹਿਰ ਨਾਲ ਵੱਡੀ ਗਿਣਤੀ ਪਿੰਡਾਂ
ਦੀ ਲੱਗਦੀ ਹੋਣ ਕਾਰਨ ਅਤੇ ਨਵਾਂਸ਼ਹਿਰ 'ਚੋਂ ਲੰਘਦੀਆਂ ਖੰਨਾ, ਗੜ੍ਹਸ਼ੰਕਰ, ਬੰਗਾ ਤੇ
ਬਲਾਚੌਰ ਨੂੰ ਜਾਣ ਵਾਲੀਆਂ ਸੜ੍ਹਕਾਂ ਨਿੱਤ ਦਿਨ ਜਾਮ 'ਚ ਉਲਝੀਆਂ ਰਹਿਣ ਕਾਰਨ ਜਿੱਥੇ
ਰਾਹੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉੱਥੇ ਆਮ ਲੋਕਾਂ ਨੂੰ ਤੇ ਮਰੀਜ਼ਾਂ ਨੂੰ ਮੁਸ਼ਕਿਲ ਦਾ
ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਵਪਾਰ ਮੰਡਲ ਦੇ ਆਗੂਆਂ ਨੂੰ ਕਿਹਾ ਕਿ ਉਹ ਖੁਦ ਸ਼ਹਿਰ
ਨੂੰ ਭੀੜ-ਭੜੱਕਾ ਰਹਿਣ ਬਣਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਲੋਕਾਂ ਨੂੰ ਦਰਪੇਸ਼
ਮੁਸ਼ਕਿਲ ਦਾ ਹੱਲ ਹੋ ਸਕੇ। ਮੀਟਿੰਗ 'ਚ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ
ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਨਵਾਂਸ਼ਹਿਰ
ਰਣਜੀਤ ਸਿੰਘ ਬਦੇਸ਼ਾਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਵਪਾਰ
ਮੰਡਲ ਦੇ ਗੁਰਚਰਨ ਅਰੋੜਾ ਸਮੇਤ ਹੋਰ ਆਗੂ ਮੌਜੂਦ ਸਨ।