ਡਿਪਟੀ ਕਮਿਸ਼ਨਰ ਦਫ਼ਤਰ ਨੇ ਗੁਰਬਾਣੀ ਦਾ ਓਟ ਆਸਰਾ ਲੈਂਦਿਆਂ ਮਨਾਇਆ ਨਵਾਂ ਸਾਲ

ਹੁਸ਼ਿਆਰਪੁਰ, 3 ਜਨਵਰੀ: ਨਵੇਂ ਵਰ੍ਹੇ 2023 ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ
ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ
ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਗਈ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ
ਸਭਨਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ
ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਸੱਦਾ
ਦਿੱਤਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਵਰ੍ਹੇ 'ਚ ਆਪਣੀ ਡਿਊਟੀ ਇਮਾਨਦਾਰੀ,
ਤਨਦੇਹੀ ਅਤੇ ਲਗਨ ਨਾਲ ਨਿਭਾਈ ਹੈ, ਇਸੇ ਤਰ੍ਹਾਂ ਨਵੇਂ ਵਰ੍ਹੇ 'ਚ ਵੀ ਸਾਰੇ ਮੁਲਾਜ਼ਮ
ਆਪਣੀ ਡਿਊਟੀ ਪ੍ਰਤੀਬੱਧਤਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ
ਹਰੇਕ ਵਿਭਾਗ ਦਾ ਅਧਿਕਾਰੀ ਤੇ ਕਰਮਚਾਰੀ ਨਵੇਂ ਵਰ੍ਹੇ ਵਿਚ ਲੋਕ ਸੇਵਾ ਨੂੰ ਸਮਰਪਿਤ
ਰਹੇਗਾ ਅਤੇ ਪੰਜਾਬ ਸਰਕਾਰ ਵਲੋਂ ਉਲੀਕੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ
ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਆਪਣਾ ਯੋਗਦਾਨ ਪਾਵੇਗਾ। ਇਸ
ਮੌਕੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ
ਕੌਰ, ਸੁਪਰਡੰਟ ਆਸ਼ਾ ਰਾਣੀ ਤੇ ਬਲਕਾਰ ਸਿੰਘ, ਕਰਮਚਾਰੀ ਯੂਨੀਅਨ ਦੇ ਸਟੇਟ ਮੀਤ ਪ੍ਰਧਾਨ
ਦੀਪਕ ਤ੍ਰੇਹਨ ਤੇ ਜ਼ਿਲ੍ਹਾ ਪ੍ਰਧਾਨ ਵਿਕਰਮ ਆਦੀਆ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ
ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਗੁਰੂ ਚਰਨਾਂ ਵਿਚ
ਹਾਜ਼ਰੀ ਭਰੀ।