ਨਵੇਂ ਸਾਲ ’ਚ ਨਵੀਂਆਂ ਤਰਜੀਹਾਂ ਮਿੱਥਣ ਤੇ ਲੋਕਾਂ ਨਾਲ ਸਬੰਧਤ ਮਾਮਲਿਆਂ ਦਾ ਬਿਨਾਂ ਦੇਰੀ ਨਿਪਟਾਰਾ ਕਰਨ ਲਈ ਆਖਿਆ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ

ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰ ਦੇ ਕਰਮਚਾਰੀਆਂ ਨਾਲ ਮੀਟਿੰਗ
ਨਵਾਂਸ਼ਹਿਰ, 2 ਜਨਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਦਫ਼ਤਰ ਦੇ ਕਰਮਚਾਰੀਆਂ ਨਾਲ ਰਸਮੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਨਵੇਂ ਸਾਲ 'ਚ ਨਵੀਂਆਂ ਤਰਜੀਹਾਂ ਮਿੱਥ ਕੇ ਲੋਕਾਂ ਨਾਲ ਸਬੰਧਤ ਮਾਮਲਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ ਲਈ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਡੀ ਡੀ ਪੀ ਓ ਦਵਿੰਦਰ ਕੁਮਾਰ, ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ ਵੀ ਮੌਜੂਦ ਸਨ। ਉਨ੍ਹਾਂ ਆਪਣੀ ਅਦਾਲਤ ਦਾ ਹਵਾਲਾ ਦਿੰਦਿਆਂ ਆਖਿਆ ਕਿ ਨਵਂੇ ਸਾਲ ਤੱਕ ਉਨ੍ਹਾਂ ਵੱਲੋਂ ਪਿਛਲੇ ਸਾਰੇ ਕੇਸ ਨਿਪਟਾ ਦਿੱਤੇ ਗਏ ਹਨ, ਜਿਨ੍ਹਾਂ 'ਚ ਇੰਤਕਾਲ, ਇੰਤਕਾਲ ਦੀਆਂ ਅਪੀਲਾਂ, ਸੀਨੀਅਰ ਸਿਟੀਜ਼ਨ ਐਕਟ ਨਾਲ ਸਬੰਧਤ ਅਪੀਲਾਂ, ਨੰਬਰਦਾਰੀ ਦੇ ਕੇਸ, ਸੇਲ (ਅਲਾਟਮੈਂਟ) ਅਪੀਲਾਂ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਾਂ ਦਾ ਨਿਯਮਿਤ ਨਿਪਟਾਰਾ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਭ ਤੋਂ ਵੱਡੀ ਜ਼ਿੰਮੇਂਵਾਰੀ ਹੁੰਦੀ ਹੈ, ਜਿਸ ਤੋਂ ਸਾਡੀ ਆਪਣੇ ਅਹੁਦੇ/ਸੀਟ ਪ੍ਰਤੀ ਪ੍ਰਤੀਬੱਧਤਾ ਦਾ ਵੀ ਪ੍ਰਗਟਾਅ ਹੁੰਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਕੋਲ ਮੌਜੂਦ ਪੈਨ ਦੀ ਵੱਡੀ ਸ਼ਕਤੀ ਹੁੰਦੀ ਹੈ ਬਸ਼ਰਤੇ ਉਸ ਨੂੰ ਲੋਕ ਹਿੱਤ 'ਚ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਦਫ਼ਤਰਾਂ 'ਚ ਆਉੁਂਦੀਆਂ ਅਰਜ਼ੀਆਂ/ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਤਾਂ ਹੋ ਸਕਦਾ ਹੈ, ਜੇਕਰ ਅਸੀਂ ਆਪਣੀਆਂ ਜ਼ਿੰਮੇਂਵਾਰੀਆਂ ਪ੍ਰਤੀ ਸੰਜੀਦਾ ਹੋਈਏ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦੀ ਅਰਜ਼ੀ/ਸ਼ਿਕਾਇਤ ਦਾ ਨਿਪਟਾਰਾਂ ਅਸੀਂ ਆਪਣੇ ਜ਼ਿਲ੍ਹੇ ਦੇ ਦਫ਼ਤਰਾਂ 'ਚ ਕਰਦੇ ਹਾਂ, ਹੋ ਸਕਦਾ ਹੈ ਉਸੇ ਤਰ੍ਹਾਂ ਦੀ ਸਮੱਸਿਆ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਦੂਜੇ ਜ਼ਿਲ੍ਹਿਆਂ 'ਚ ਵੀ ਦਰਪੇਸ਼ ਹੋਣ। ਜੇਕਰ ਅਸੀਂ ਇਹ ਭਾਵਨਾ ਬਣਾ ਕੇ ਕੰਮ ਕਰਾਂਗੇ ਕਿ ਜਨਤਕ ਮਾਮਲਿਆਂ ਨਾਲ ਸਬੰਧਤ ਫ਼ਾਈਲਾਂ ਨੂੰ ਬਿਨਾਂ ਦੇਰੀ ਅੱਗੇ ਭੇਜਿਆ ਜਾਵੇ ਜਾਂ ਨਿਪਟਾਇਆ ਜਾਵੇ ਤਾਂ ਇਸ ਨਾਲ ਪੈਂਡੈਂਸੀ ਵੀ ਘਟੇਗੀ ਅਤੇ ਲੋਕਾਂ ਦੇ ਕੰਮ ਵੀ ਜਲਦ ਹੋਣਗੇ। ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਆਪਣੀ ਜ਼ਿੰਮੇਂਵਾਰੀ ਮੁਤਾਬਕ ਆਪਣੇ ਕੰਮਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦੇ ਆਧਾਰ 'ਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਅਸੀਂ ਜਿੱਥੇ ਲੋਕਾਂ ਦੀਆਂ ਅਸੀਸਾਂ ਲਵਾਂਗੇ ਉੱਥੇ ਆਪਣੇ ਦਫ਼ਤਰ ਦੇ ਮੇਜ਼ਾਂ 'ਤੇ ਫ਼ਾਈਲਾਂ ਦਾ ਭਾਰ ਵੀ ਘਟਾਵਾਂਗੇ।
ਡਿਪਟੀ ਕਮਿਸ਼ਨਰ ਰੰਧਾਵਾ ਨੂੰ ਇਸ ਮੌਕੇ ਏ ਡੀ ਸੀ ਰਾਜੀਵ ਵਰਮਾ ਵੱਲੋਂ ਨਵੇਂ ਸਾਲ ਦੀ ਦਫ਼ਤਰੀ ਸ਼ੁਰੂਆਤ ਮੌਕੇ ਪੌਦਾ ਭੇਟ ਕਰਕੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਸਮੂਹ ਸਟਾਫ਼ ਨੇ ਡੀ ਸੀ ਰੰਧਾਵਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਘਟਾਉਣ ਅਤੇ ਦਫ਼ਤਰੀ ਕੰਮ-ਕਾਰ ਨੂੰ ਪਾਰਦਰਸ਼ੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ।