ਪਟਿਆਲਾ ਦੇ ਅੱਠ ਵਿਧਾਨ ਸਭਾ ਹਲਕਿਆਂ 'ਚ ਜਾਗਰੂਕਤਾ ਮੁਹਿੰਮ ਤਹਿਤ ਦੋ ਵੈਨਾਂ ਰਵਾਨਾ

-ਵੱਡੀ ਸਕਰੀਨ ਰਾਹੀਂ ਦਿਖਾਈਆਂ ਜਾਣਗੀਆਂ ਚੋਣ ਪ੍ਰਣਾਲੀ ਸਬੰਧੀ ਵੀਡੀਓਜ਼
ਪਟਿਆਲਾ 14 ਦਸੰਬਰ: 
  ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਵੱਲੋਂ ਵੋਟਰਾਂ ਨੂੰ ਚੋਣ ਕਮਿਸ਼ਨ ਦੀਆਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਕੀਤੀਆਂ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਅੱਜ ਇੱਥੇ ਮਿੰਨੀ ਸਕੱਤਰੇਤ ਤੋਂ ਦੋ ਵੈਨਾਂ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਲਈ ਰਵਾਨਾ ਕੀਤੀਆਂ। 
  ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਇਸ ਮੌਕੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਇਨਫੌਰਮਡ ਅਤੇ ਐਥੀਕਲ ਵੋਟਿੰਗ, ਸੀ-ਵੀਜ਼ੂਲ ਐਪ, ਵੋਟਰ ਹੈਲਪ ਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਵੈਨ ਤਿਆਰ ਕੀਤੀ ਗਈ ਹੈ, ਜੋ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਕੁਝ ਐਪਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। 
  ਉਨ੍ਹਾਂ ਦੱਸਿਆ ਕਿ ਇਨਫੌਰਮਡ ਤੇ ਐਥੀਕਲ ਐਪ ਦਾ ਮਕਸਦ ਚੋਣ ਪ੍ਰਣਾਲੀ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਵੋਟਰਾਂ ਨੂੰ ਚੇਤਨ ਕਰਨਾ ਹੈ। ਸੀ-ਵੀਜ਼ੂਲ ਐਪ ਦਾ ਮਨੋਰਥ ਮੱਤਦਾਨ ਤੋਂ ਪਹਿਲਾ ਜਾਂ ਮੌਕੇ ਕਿਸੇ ਵੀ ਤਰ੍ਹਾਂ ਦੇ ਗਲਤ ਢੰਗਾਂ ਦੀ ਵਰਤੋਂ ਕਰਨ ਵਾਲਿਆਂ ਦੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣਾ ਹੈ, ਜਿਸ ਤਹਿਤ ਸੌ ਮਿੰਟ 'ਚ ਕਾਰਵਾਈ ਕੀਤੀ ਜਾਵੇਗੀ। ਵੋਟਰ ਹੈਲਪ ਲਾਈਨ ਦਾ ਮਕਸਦ ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣਾ ਹੈ। ਜਿਸ ਦਾ ਵੋਟਰ ਲਾਭ ਉਠਾ ਸਕਣ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਜਾਣ ਸਬੰਧੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਤਹਿਤ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੇ ਸ਼ੁਤਰਾਣਾ ਹਲਕੇ 'ਚ 14 ਤੋਂ 16 ਦਸੰਬਰ ਤੱਕ, ਪਟਿਆਲਾ ਦਿਹਾਤੀ ਤੇ ਸਮਾਣਾ ਹਲਕੇ 'ਚ 17 ਤੋਂ 19 ਦਸੰਬਰ ਤੱਕ, ਘਨੌਰ ਤੇ ਸਨੌਰ ਹਲਕਿਆਂ 'ਚ 20 ਤੋਂ 22 ਦਸੰਬਰ ਤੱਕ, ਰਾਜਪੁਰਾ ਤੇ ਨਾਭਾ ਹਲਕੇ 'ਚ 23 ਤੋਂ 25 ਦਸੰਬਰ ਤੱਕ ਵੈਨਾਂ ਜਨਤਕ ਥਾਵਾਂ 'ਤੇ ਪੁੱਜਣਗੀਆਂ ਤੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਐਪਸ ਤੇ ਸਹੂਲਤਾਂ ਬਾਰੇ ਵੀਡੀਓਜ਼ ਰਾਹੀਂ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਸੁਚਾਰੂ ਢੰਗ ਨਾਲ ਪ੍ਰਚਾਰ ਕਰਨ ਸਬੰਧੀ ਜ਼ਿਲ੍ਹੇ ਦੇ ਹਰੇਕ ਰਿਟਰਨਿੰਗ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
  ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਹੋਰ ਹਾਜ਼ਰ ਸਨ।
ਤਸਵੀਰ:- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਵੋਟਰ ਜਾਗਰੂਕਤਾ ਐਪਸ ਸਬੰਧੀ ਮੋਬਾਇਲ ਵੈਨ ਰਵਾਨਾ ਕਰਦੇ ਹੋਏ, ਨਾਲ ਹਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਵਰਿੰਦਰ ਸਿੰਘ ਟਿਵਾਣਾ ਤੇ ਹੋਰ।