ਡਿਪਟੀ ਕਮਿਸ਼ਨਰ ਵੱਲੋਂ ਸੈਂਪਲਿੰਗ ਟੀਮਾਂ ਦੀ ਗਿਣਤੀ ਵਧਾ ਕੇ 40 ਕਰਨ ਦੇ ਆਦੇਸ਼, ਰੋਜ਼ਾਨਾ 2500 ਕੋਵਿਡ ਨਮੂਨੇ ਲੈਣ ਦਾ ਟੀਚਾ ਤੈਅ ਕੀਤਾ

ਸਿਹਤ ਵਿਭਾਗ ਨੂੰ ਹਰ ਰੋਜ਼ ਕੋਵਿਡ ਰੋਕਥਾਮ ਟੀਕੇ ਦੀਆਂ 5500 ਖੁਰਾਕਾਂ ਦੇਣੀਆਂ ਯਕੀਨੀ ਬਣਾਉਣ ਦੇ ਆਦੇਸ਼
ਨਵਾਂਸ਼ਹਿਰ, 2 ਦਸੰਬਰ, 2021: - ਕੋਵਿਡ ਦੇ ਨਵੇਂ ਰੂਪ, ਓਮੀਕਰੋਨ ਦੇ ਸਾਹਮਣੇ ਆਉਣਾ ਬਾਅਦ ਇਹਤਿਆਤਨ ਕਦਮ ਚੁੱਕਦਿਆਂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਵਿੱਚ ਸਥਿਤੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਜ਼ਿਲ੍ਹੇ ਵਿੱਚ ਰੋਜ਼ਾਨਾ 2500 ਕੋਵਿਡ ਨਾਲ ਸਬੰਧਤ ਨਮੂਨੇ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ।   ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਸਿਹਤ ਅਧਿਕਾਰੀਆਂ ਨਾਲ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ 40 ਨਵੀਆਂ ਸੈਂਪਲਿੰਗ ਟੀਮਾਂ ਗਠਿਤ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ ਨਵੀਆਂ ਸੈਂਪਲਿੰਗ ਟੀਮਾਂ ਜ਼ਿਆਦਾ ਭੀੜ ਵਾਲੇ ਇਲਾਕਿਆਂ, ਬਾਜ਼ਾਰਾਂ, ਬੱਸ ਸਟੈਂਡ ਅਤੇ ਹੋਰ ਥਾਵਾਂ 'ਤੇ ਸੈਂਪਲਿੰਗ ਕਰਨਗੀਆਂ।  ਉਨ੍ਹਾਂ ਦੱਸਿਆ ਕਿ ਵਾਇਰਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਵੱਧ ਤੋਂ ਵੱਧ ਟੈਸਟ ਕਰਨਾ ਹੈ।  ਇਸ ਤੋਂ ਇਲਾਵਾ ਸ਼੍ਰੀ ਸਾਰੰਗਲ ਨੇ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ (ਟੀਕਾਕਰਣ) ਦੀਆਂ 5500 ਖੁਰਾਕਾਂ ਰੋਜ਼ਾਨਾ ਦੇਣੀਆਂ ਯਕੀਨੀ ਬਣਾਉਣ ਅਤੇ ਖਾਸ ਤੌਰ 'ਤੇ ਦੂਜੀ ਖੁਰਾਕ ਦੇਣ 'ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ।  ਉਨ੍ਹਾਂ ਨੇ ਸਿਹਤ ਵਿਭਾਗ ਨੂੰ ਇਹ ਵੀ ਕਿਹਾ ਕਿ ਉਹ ਜਲਦੀ ਤੋਂ ਜਲਦੀ ਟੀਕਾਕਰਣ ਮੁਹਿੰਮ ਤਹਿਤ ਸਾਰੇ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਜੀਅ ਤੋੜ ਯਤਨ ਕਰਨ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਹਾਲ ਹੀ ਵਿੱਚ ਯੂ.ਕੇ., ਦੱਖਣੀ ਅਫਰੀਕਾ, ਜ਼ਿੰਬਾਬਵੇ, ਬ੍ਰਾਜ਼ੀਲ, ਬੰਗਲਾਦੇਸ਼, ਇਜ਼ਰਾਈਲ ਅਤੇ ਹੋਰਾਂ ਕੋਵਿਡ ਖ਼ਤਰੇ ਵਾਲੇ ਦੇਸ਼ਾਂ ਤੋਂ ਆਇਆ ਹੋਵੇ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਮਹਾਂਮਾਰੀ ਦੇ ਨਵੇਂ ਰੂਪ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਕੋਵਿਡ ਤੋਂ ਬਚਾਅ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ।  ਉਨ੍ਹਾਂ ਲੋਕਾਂ ਨੂੰ ਸੁਰੱਖਿਆ ਸਬੰਧੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ, ਜਿਸ ਵਿੱਚ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਹੱਥ ਸਾਬਣ ਨਾਲ ਧੋਣੇ ਜਾਂ ਸੈਨੇਟਾਈਜ਼ ਆਦਿ ਸ਼ਾਮਲ ਹਨ।