ਪੰਜਾਬ ਦੇ ਮੁੱਖ ਮੰਤਰੀ ਨੇ ਰੈਲਮਾਜਰਾ ਵਿਖੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ


ਉਦਯੋਗਿਕ ਖੇਤਰ ਦੀਆਂ ਨਵੀਨਤਮ ਲੋੜਾਂ ਦੇ ਅਨੁਸਾਰ ਰਾਜ ਦੇ ਨੌਜਵਾਨਾਂ ਦੇ ਤਕਨੀਕੀ ਹੁਨਰ ਨੂੰ ਨਿਖਾਰੇਗੀ ਯੂਨੀਵਰਸਿਟੀ: ਚੰਨੀ


ਰੈਲਮਾਜਰਾ/ਕਾਠਗੜ੍ਹ (ਸ਼ਹੀਦ ਭਗਤ ਸਿੰਘ ਨਗਰ), 10 ਦਸੰਬਰ : - ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਅਤੇ ਤਕਨੀਕੀ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਰੈਲਮਾਜਰਾ ਦੇ ਰਿਆਤ ਕੈਂਪਸ ਵਿਖੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ, ਜੋ ਕਿ ਦੇਸ਼ ਦੇ ਉੱਤਰੀ ਖੇਤਰ ਦੀ ਪਹਿਲੀ ਨਿੱਜੀ ਤਕਨੀਕੀ ਹੁਨਰ ਯੂਨੀਵਰਸਿਟੀ ਹੈ।   ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਸ ਦਿਨ ਨੂੰ ਰਾਜ ਦੇ ਇਤਿਹਾਸ ਵਿੱਚ ਅਹਿਮ ਦਿਨ ਕਰਾਰ ਦਿੰਦਿਆਂ ਕਿਹਾ ਕਿ ਉਦਯੋਗਿਕ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਆਈ ਬੀ ਐਮ, ਟਾਟਾ ਅਤੇ ਏਨਸਿਸ ਵੱਲੋਂ ਰਿਆਤ ਗਰੁੱਪ ਨਾਲ ਪੰਜਾਬ ਵਿੱਚ ਸਕਿੱਲ ਯੂਨੀਵਰਸਿਟੀ ਕਾਇਮ ਕਰਨ ਲਈ ਮਿਲਾਇਆ ਹੱਥ, ਉਦਯੋਗਿਕ ਖੇਤਰ ਵਿੱਚ ਹੁਨਰ ਸਿਖਲਾਈ ਅਤੇ ਨੌਕਰੀਆਂ ਦੇ ਮਾਮਲੇ ਵਿੱਚ ਰਾਜ ਨੂੰ ਇਸ ਖੇਤਰ 'ਚ ਸਿਖਰਾਂ 'ਤੇ ਪਹੁੰਚਾਉਣ ਵਿੱਚ ਮਦਦ ਕਰੇਗਾ।  ਸ. ਚੰਨੀ ਨੇ ਕਿਹਾ, ''ਇਸ ਯੂਨੀਵਰਸਿਟੀ ਦਾ ਵਿਚਾਰ ਉਦੋਂ ਆਇਆ ਜਦੋਂ ਮੈਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸੀ। ਅੱਜ ਜਦੋਂ ਮੇਰੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਇਹ ਵਿਚਾਰ ਹਕੀਕਤ 'ਚ ਬਦਲ ਗਿਆ ਹੈ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ ਹੈ ਕਿ ਪੰਜਾਬ ਦੇ ਨੌਜੁਆਨਾਂ ਦੇ ਭਵਿੱਖ ਨੂੰ ਇਹ ਸਕਿੱਲ ਯੂਨੀਵਰਸਿਟੀ ਨਵਾਂ ਮੋੜ ਦੇਵੇਗੀ।'' ਉਨ੍ਹਾਂ ਨੇ ਉਦਯੋਗਾਂ ਦੀ ਮੰਗ ਅਤੇ ਵਰਤਮਾਨ ਦੇ ਉਭਰ ਰਹੇ ਰੁਝਾਨਾਂ ਦੇ ਅਨੁਕੂਲ ਸਮੇਂ ਦੀ ਸਭ ਤੋਂ ਵੱਡੀ ਲੋੜ ਵਜੋਂ, ਹੁਨਰੀ ਸਿੱਖਿਆ 'ਤੇ ਜ਼ੋਰ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਯੂਨੀਵਰਸਿਟੀ ਰੋਜ਼ਗਾਰ ਪੈਦਾ ਕਰਨ ਦੇ ਉਦੇਸ਼ ਦੀ ਪੂਰਤੀ ਕਰੇਗੀ ਅਤੇ ਤਿੰਨੋਂ ਉਦਯੋਗਿਕ ਕੰਪਨੀਆਂ ਇੱਥੋਂ ਸਿਖਿਅਤ ਹੋਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਨੌਕਰੀਆਂ ਦੇ ਅਵਸਰ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੀਆਂ।  
 
     ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਰਾਜ ਵਿੱਚ ਹੁਨਰ ਅਧਾਰਿਤ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਇਸ ਖੇਤਰ ਦੇ ਵਿਦਿਅਕ ਦਿ੍ਰਸ਼ ਨੂੰ ਵੀ ਬੁਨਿਆਦੀ ਤੌਰ 'ਤੇ ਬਦਲ ਦੇਵੇਗੀ।

    ਮੌਕੇ 'ਤੇ ਮੌਜੂਦ ਆਈ ਬੀ ਐਮ ਦੇ ਨੁਮਾਇੰਦੇ ਹਰੀ ਰਾਮਾਸੁਬਰਾਮਨੀਅਨ, ਐਨਸਿਸ ਤੋਂ ਰਫ਼ੀਕ ਸੋਮਾਨੀ ਅਤੇ ਟਾਟਾ ਪੁਣੇ ਤੋਂ ਆਨੰਦ ਭਡੇ ਨੇ ਕਿਹਾ ਕਿ ਹੁਣ ਤੱਕ ਪੰਜਾਬ ਨੂੰ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਰਾਜ ਵਜੋਂ ਜਾਣਿਆ ਜਾਂਦਾ ਸੀ ਪਰ ਇਸ ਯੂਨੀਵਰਸਿਟੀ ਦੇ ਆਉਣ ਨਾਲ ਰਾਜ ਹੁਨਰੀ ਮਾਨਵੀ ਸ਼ਕਤੀ ਪੈਦਾ ਕਰਨ ਦੇ ਤੌਰ 'ਤੇ ਵੀ ਵਿਸ਼ੇਸ਼ ਸਥਾਨ ਬਣਾਵੇਗਾ, ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਹੁਨਰ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਨੂੰ ਅਪਗ੍ਰੇਡ ਕਰਕੇ, ਦੇਸ਼ ਦਾ ਸਭ ਤੋਂ ਵੱਡਾ ਹੁਨਰੀ ਸ਼ਕਤੀ ਦਾ ਸਰੋਤ ਬਣੇਗਾ।

     ਇਸ ਤੋਂ ਪਹਿਲਾਂ 'ਮਲਵਈ ਗਿੱਧੇ' ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੀਲਿਆ ਅਤੇ ਮੁੱਖ ਮੰਤਰੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।  ਇਸ ਮੌਕੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।  ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਫਾਊਂਡਰ ਪਾਰਟਨਰ ਨਿਰਮਲ ਸਿੰਘ ਰਿਆਤ, ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਹੁਨਰ ਸਿਖਲਾਈ ਬਾਰੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ, ਡਾਇਰੈਕਟਰ (ਪ੍ਰਸ਼ਾਸਨ) ਸਤਬੀਰ ਸਿੰਘ ਬਾਜਵਾ ਤੇ ਡਿਪਟੀ ਡਾਇਰੈਕਟਰ (ਐਕਸਟਰਨਲ ਰਿਲੇਸ਼ਨਜ਼) ਡਾ. ਆਸ਼ੂਤੋਸ਼ ਵੀ ਹਾਜ਼ਰ ਸਨ।