ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਨਵਾਂਸ਼ਹਿਰ ਵਿੱਚ 67 ਖਾਦ ਡੀਲਰਾਂ ਦੀਆਂ ਦੁਕਾਨਾਂ ਦਾ ਨਿਰੀਖਣ

ਨਵਾਂਸ਼ਹਿਰ, 19 ਦਸੰਬਰ :- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦ ਆਦਿ ਦੀ ਉਪਲਬਧਤਾ 'ਚ ਕੋਈ ਮੁਸ਼ਕਿਲ ਨਾ ਆਉਣ ਦੇਣ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਐਤਵਾਰ ਨੂੰ ਨਵਾਂਸ਼ਹਿਰ, ਬੰਗਾ, ਬਲਾਚੌਰ, ਔੜ, ਸੜੋਆ ਅਤੇ ਹੋਰ ਥਾਵਾਂ 'ਤੇ 67 ਖਾਦ, ਕੀਟਨਾਸ਼ਕਾਂ ਅਤੇ ਬੀਜ ਡੀਲਰਾਂ ਦੀ ਦੁਕਾਨਾਂ ਦੀ ਜਾਂਚ ਕੀਤੀ।  
    ਇਨ੍ਹਾਂ ਟੀਮਾਂ ਨੇ ਸਟਾਕ ਰਜਿਸਟਰਾਂ ਦੀ ਜਾਂਚ ਕੀਤੀ ਅਤੇ ਦੁਕਾਨਾਂ ਦੇ ਅੰਦਰ ਮੌਜੂਦ ਸਟਾਕ ਦੀ ਭੌਤਿਕ ਪੜਤਾਲ ਵੀ ਕੀਤੀ।  ਟੀਮਾਂ ਨੇ ਓਵਰਚਾਰਜਿੰਗ ਜਾਂ ਜ਼ਬਰਦਸਤੀ ਖਰੀਦਦਾਰੀ (ਖਾਦ ਨਾਲ ਕੋਈ ਹੋਰ ਸਮਾਨ ਧੱਕੇ ਨਾਲ ਵੇਚਣ)  ਦੀ ਜਾਂਚ ਕਰਨ ਲਈ ਬਣਾਉਟੀ ਗਾਹਕਾਂ ਨੂੰ ਵੀ ਭੇਜਿਆ।  ਟੀਮਾਂ ਨੇ ਡੀਲਰਾਂ ਨੂੰ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਸਮਾਨ ਵੇਚਣ ਲਈ ਕਿਹਾ ਅਤੇ ਸਟਾਕ ਬਾਹਰ ਸੂਚਨਾ ਬੋਰਡ 'ਤੇ ਵੀ ਦਿਖਾਉਣ ਲਈ ਕਿਹਾ ਅਤੇ ਖਰੀਦ ਸਮੇਂ ਕਿਸਾਨਾਂ ਨੂੰ ਬਿੱਲ ਜ਼ਰੂਰ ਦੇਣ ਦੀ ਤਾਕੀਦ ਕੀਤੀ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪ੍ਰਸ਼ਾਸਨ ਖਾਦਾਂ ਅਤੇ ਹੋਰ ਪਦਾਰਥਾਂ ਦੇ ਸਟਾਕ ਦੀ ਸਹੀ ਸਾਂਭ-ਸੰਭਾਲ ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਨਕਲੀ ਬੀਜ/ਖਾਦ/ਕੀਟਨਾਸ਼ਕਾਂ ਦੀ ਸਪਲਾਈ, ਵੱਧ ਕੀਮਤ ਵਸੂਲਣ ਜਾਂ ਜ਼ਬਰਦਸਤੀ ਖਰੀਦ ਕਰਨ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਕਿਸਾਨ ਰਜਿਸਟਰਡ ਡੀਲਰਾਂ ਤੋਂ ਬਿੱਲਾਂ ਸਮੇਤ ਹੀ ਉਤਪਾਦ ਖਰੀਦਣ।
     ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਕੀਮਤ 'ਤੇ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਅਤੇ ਕਿਸੇ ਵੀ ਗਲਤ ਕਰਵਾਈ ਦੀ ਸੂਰਤ ਵਿੱਚ ਖੇਤੀਬਾੜੀ ਮਹਿਕਮੇ ਦੇ ਧਿਆਨ ਵਿੱਚ ਲਿਆਉਣ।