ਪੰਜਾਬ ਦੇ ਮੁੱਖ ਮੰਤਰੀ ਨੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਜਾਣਨ ਲਈ ਸਰਹੱਦੀ ਖੇਤਰ ਦੇ ਪਿੰਡ ਕੁਹਾਲੀ ਦਾ ਕੀਤਾ ਦੌਰਾ

 ਅੰਮ੍ਰਿਤਸਰ, 7 ਦਸੰਬਰ:

 ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਭਾਰਤ-ਪਾਕਿ ਸਰਹੱਦ ਨੇੜੇ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੁਹਾਲੀ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਇੱਕ ਪਰਿਵਾਰ ਨਾਲ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦਾ ਆਨੰਦ ਲਿਆ।

ਇਸ ਦੌਰਾਨ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਆ ਰਹੀਆਂ ਮੁਸਕਲਾਂ ਬਾਰੇ ਜਾਣੂੰ ਹੋਏ ਕਿ ਕਿਵੇਂ 15 ਏਕੜ ਜਮੀਨ ਵਾਲੇ ਕਿਸਾਨ ਵੀ ਸਖਤ ਮਿਹਨਤ ਦੇ ਬਾਵਜੂਦ ਨਿੱਜੀ ਲੋੜਾਂ ਦੀ ਪੂਰਤੀ ਲਈ ਸੰਘਰਸ ਕਰ ਰਹੇ ਹਨ।

 ਕਿਸਾਨਾਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪਰਿਵਾਰਾਂ ਦਾ ਜਮੀਨਾਂ 'ਤੇ ਕਬਜਾ ਘਟਦਾ ਜਾ ਰਿਹਾ ਹੈ ਅਤੇ ਖੇਤੀ ਖਰਚੇ ਵੱਧਦੇ ਜਾ ਰਹੇ ਹਨ। ਉਨ੍ਹਾਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਅਤੇ ਝੋਨੇ ਦੀ ਪਰਾਲੀ ਦੇ ਵਧੀਆ ਅਤੇ ਪ੍ਰਭਾਵਸਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਬਾਰੇ ਵੀ ਕਿਸਾਨਾਂ ਦੇ ਸੁਝਾਅ ਲਏ।ਮੁੱਖ ਮੰਤਰੀ ਨੇ ਵਿਆਹ ਸਾਦੀ ਦੇ ਸਮਾਗਮਾਂ 'ਤੇ ਕਰਜੇ ਲੈ ਕੇ ਵੱਧ ਖਰਚ ਨਾ ਕਰਨ ਅਤੇ ਸਾਦੇ ਵਿਆਹ ਦੀਆਂ ਰਸਮਾਂ ਦੀ ਵਕਾਲਤ ਕੀਤੀ।  ਮੁੱਖ ਮੰਤਰੀ ਨੇ ਬਜੁਰਗਾਂ ਦੀ ਸਿਹਤ ਅਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਹਾਲ-ਚਾਲ ਪੁੱਛਿਆ।