ਦਿੱਲੀ ਤੋਂ ਘੋਲ ਜਿੱਤਕੇ ਪਰਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਫਲੇ ਦਾ ਭਰਵਾਂ ਸਵਾਗਤ


ਲੱਡੂ ਵੰਡਕੇ, ਭੰਗੜੇ ਪਾਕੇ, ਫੁੱਲਾਂ ਦੀ ਵਰਖਾ ਕਰਕੇ ਮਨਾਈ ਜਿੱਤ ਦੀ ਖੁਸ਼ੀ

ਬੀਰੋਵਾਲ ਵਿਖੇ ਭੰਗੜੇ ਪਾਕੇ ਕਿਸਾਨ ਆਗੂਆਂ ਦਾ ਸਵਾਗਤ ਕਰਦੇ ਹੋਏ ਲੋਕ।

ਨਵਾਂਸ਼ਹਿਰ 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ) ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅਤੇ ਹੋਰ ਮੰਗਾਂ ਦਾ ਘੋਲ ਜਿੱਤਕੇ ਪਲਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਦਾ ਜਿਲੇ ਦੇ ਕਿਸਾਨਾਂ ਵਲੋਂ ਉਤਸ਼ਾਹੀ ਅਤੇ ਭਰਵਾਂ ਸਵਾਗਤ ਕੀਤਾ ਗਿਆ।ਅੱਜ ਦਿੱਲੀ ਤੋਂ ਦੁਪਹਿਰ 12 ਵਜੇ ਦੇ ਕਰੀਬ ਜਿਉਂ ਹੀ ਇਹ ਜੇਤੂ ਕਾਫਲਾ ਪਿੰਡ ਬੀਰੋਵਾਲ ਪੁੱਜਾ ਗੁਰਦੁਆਰਾ ਸਾਹਿਬ ਇਕੱਠੇ ਹੋਏ ਕਿਸਾਨਾਂ ਅਤੇ ਹੋਰ ਵਰਗਾਂ ਨੇ ਕਿਸਾਨ ਆਗੂਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਅਤੇ ਉਹਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ।ਸੜਕ ਵਿਚ ਆਕੇ ਲੋਕਾਂ ਨੇ ਭੰਗੜੇ ਪਾਕੇ ਖੁਸ਼ੀ ਮਨਾਈ,ਆਕਾਸ਼ ਗੁੰਜਾਊ ਜੇਤੂ ਨਾਹਰੇ ਲਾਏ।ਇਸ ਜੇਤੂ ਜਸ਼ਨ ਵਿਚ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਭਾਗ ਲਿਆ।ਕਿਰਤੀ ਕਿਸਾਨ ਯੂਨੀਅਨ ਦੇ ਦਿੱਲੀ ਤੋਂ ਪਰਤੇ ਆਗੂਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਸ਼ਹਾਬਪੁਰ, ਮਿੰਦਾ ਭਾਨਮਜਾਰਾ ਅਤੇ ਸਵਾਗਤ ਕਰਨ ਵਾਲੇ ਆਗੂਆਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ,  ਸੁਰਿੰਦਰ ਸਿੰਘ ਮਹਿਰਮ ਪੁਰ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਗੁਰਬਖਸ਼ ਕੌਰ ਸੰਘਾ,  ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ,ਮਨਜੀਤ ਕੌਰ ਅਲਾਚੌਰ, ਅਵਤਾਰ ਸਿੰਘ ਤਾਰੀ, ਜਸਬੀਰ ਦੀਪ, ਗੁਰਦਿਆਲ ਰੱਕੜ, ਮੋਹਣ ਸਿੰਘ ਲੰਗੜੋਆ , ਸੁਰਿੰਦਰ ਸਿੰਘ ਸੋਇਤਾ, ਬਲਜਿੰਦਰ ਸਿੰਘ ਸਵਾਜ ਪੁਰ ਤਰਕਸ਼ੀਲ ਨੇ ਕਿਹਾ ਕਿ ਇਹ ਜਿੱਤ ਸਿਰਫ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਹੀ ਜਿੱਤ ਨਹੀਂ ਇਹ ਜਿੱਤ ਤਾਨਾਸ਼ਾਹ ਮੋਦੀ ਸਰਕਾਰ ਦੀ ਤਾਨਾਸ਼ਾਹੀ ਉੱਤੇ ਵੀ ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਹੈ।ਇਸ ਦੇਸ਼ ਵਿਆਪੀ ਅਤੇ ਜਨ ਅੰਦੋਲਨ ਨੇ ਦੇਸ਼ ਵਾਸੀਆਂ ਵਿਚ ਨਵੀਂ ਚੇਤਨਾ ਦਾ ਪਸਾਰਾ ਕੀਤਾ ਹੈ, ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ ਅਤੇ ਸੰਘਰਸ਼ਾਂ ਨੂੰ ਨਵੇਂ ਰਾਹ ਦਰਸਾਏ ਹਨ।ਇਸ ਘੋਲ ਨੇ ਸਾਬਤ ਕਰ ਦਿੱਤਾ ਹੈ ਕਿ ਘੋਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਂਦੀਆਂ।ਇਸ ਘੋਲ ਵਿਚ ਆਪਾ ਵਾਰਨ ਵਾਲੇ 700 ਤੋਂ ਵੀ ਵੱਧ ਕਿਸਾਨਾਂ ਨੂੰ ਦੇਸ਼ ਦੀ ਜਨਤਾ  ਸਦਾ ਆਪਣੇ ਦਿਲਾਂ ਵਿਚ ਵਸਾਕੇ ਰੱਖੇਗੀ।
ਥਾਂ ਥਾਂ ਕੀਤਾ ਗਿਆ ਜੇਤੂ ਮਾਰਚ ਦਾ ਸਵਾਗਤ : ਲੋਕਾਂ ਵਲੋਂ ਥਾਂ ਥਾਂ ਉੱਤੇ ਇਸ ਜੇਤੂ ਮਾਰਚ ਦਾ ਸਵਾਗਤ ਕੀਤਾ ਗਿਆ। ਬੀਰੋਵਾਲ  ਵਾਸੀਆਂ ਵੱਲੋਂ ਚਾਹ ਪਕੌੜੇ ਦਾ ਲੰਗਰ ਛਕਾਇਆ ਗਿਆ। ਸਨਾਵਾ ਦੇ ਵਾਸੀਆਂ ਵੱਲੋਂ ਕਾਫਲੇ ਨੂੰ ਚਾਹ ਦਾ ਲੰਗਰ ਛਕਾਇਆ ਗਿਆ। ਅਲਾਚੌਰ ਦੀ ਸੰਗਤ ਵਲੋਂ ਕਾਫਲੇ ਨੂੰ ਲੰਗੜੋਆ ਬਾਈਪਾਸ ਉੱਤੇ ਰੋਕ ਕੇ ਕੇਲਿਆਂ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਅਲਾਚੌਰ ਵਾਸੀ ਕੇਲਿਆਂ ਦੇ ਪ੍ਰਸ਼ਾਦ ਦੀ ਭਰੀ ਹੋਈ ਟਰਾਲੀ ਲੈਕੇ ਆਏ ਸਨ। ਜਿਉਂ ਹੀ ਇਹ ਕਾਫਲਾ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਲੱਗੇ ਕਿਸਾਨੀ ਦੇ ਪੱਕੇ ਧਰਨੇ ਉੱਤੇ ਪਹੁੰਚਿਆ ਪ੍ਰਵਾਸੀ ਮਜਦੂਰ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ, ਰੇਹੜੀ ਵਰਕਰਜ਼ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਨੇ ਕਾਫਲੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਖੁਸ਼ੀ ਵਿਚ ਲੱਡੂ ਵੰਡੇ।
ਆਟੋ ਯੂਨੀਅਨ ਹੋਈ ਕਾਫਲੇ ਵਿਚ ਸ਼ਾਮਲ: ਅੱਜ 2 ਵਜੇ ਨਵਾਂਸ਼ਹਿਰ ਤੋਂ ਇਹ ਕਾਫਲਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੇ ਸ਼ਰਧਾਂਜਲੀਆਂ ਭੇਂਟ ਕਰਨ ਲਈ ਖਟਕੜ ਕਲਾਂ ਲਈ ਰਵਾਨਾ ਹੋਇਆ ।ਇਸ ਕਾਫਲੇ ਵਿਚ ਨਿਊ ਆਟੋ ਵਰਕਰਜ਼ ਯੂਨੀਅਨ ਦੀਆਂ 50 ਗੱਡੀਆਂ ਨੇ ਮੀਤ ਪ੍ਰਧਾਨ ਬਿੱਲਾ ਗੁੱਜਰ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ।