ਨਵਾਂਸ਼ਹਿਰ, 18 ਦਸੰਬਰ :- ਵਿਧਾਇਕ ਅੰਗਦ ਸਿੰਘ ਨੇ ਕਲ੍ਹ ਨਵਾਂਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 23.21 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸੜਕਾਂ ਦੇ ਕੰਮਾਂ ਦਾ ਉਦਘਾਟਨ ਕੀਤਾ। ਉਦਘਾਟਨੀ ਪ੍ਰੋਜੈਕਟਾਂ ਵਿੱਚ ਮੋਤਾ ਸਿੰਘ ਨਗਰ, ਬੱਕਰਖਾਨਾ ਰੋਡ ਅਤੇ ਵਾਰਡ ਨੰ-2 ਕੁਲਾਮ ਰੋਡ ਵਿੱਚ ਇੰਟਰਲਾਕਿੰਗ ਸੜਕਾਂ ਸ਼ਾਮਲ ਹਨ।
ਬਾਅਦ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਕੰਮ ਨਾਲ ਜਿੱਥੇ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਉਹ ਨਵਾਂਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਵਿਧਾਇਕ ਨੇ ਕਿਹਾ ਕਿ ਕੁਆਲਿਟੀ ਕੰਟਰੋਲ ਨੂੰ ਯਕੀਨੀ ਬਣਾ ਕੇ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਬਣਾ ਕੇ ਕਰੋੜਾਂ ਰੁਪਏ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੜਕਾਂ ਦੇ ਨਿਰਮਾਣ ਲਈ ਵਰਤੀ ਜਾ ਰਹੀ ਮਿਆਰੀ ਸਮੱਗਰੀ ਨੂੰ ਯਕੀਨੀ ਬਣਾਉਣ ਲਈ ਵੀ ਚੌਕਸੀ ਰੱਖਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰ ਰਹੀ ਹੈ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ, ਡਾ. ਕਮਲਜੀਤ ਲਾਲ, ਜਸਵੀਰ ਕੌਰ ਬਡਵਾਲ, ਪਰਦੀਪ ਚਾਂਦਲਾ, ਪਰਵੀਨ ਭਾਟੀਆ, ਜਤਿੰਦਰ ਬਾਲੀ, ਹੈਪੀ ਭਾਟੀਆ, ਗੁਰਮਿੰਦਰ ਬਡਵਾਲ, ਕੁਲਵੰਤ ਕੌਰ, ਪੂਜਾ, ਗੁਰਦੇਵ ਕੌਰ, ਤਰਸੇਮ, ਡਾ. ਸਰਤਾਜ ਮਾਂਗੇਵਾਲੀਆ, ਜੈ ਦੀਪ ਜਾਂਗੜਾ,ਚੇਤ ਰਾਮ ਰਤਨ ਅਤੇ ਹੋਰ ਹਾਜ਼ਰ ਸਨ ।