ਨਵਾਂਸ਼ਹਿਰ 5 ਦਸੰਬਰ :- ਵਿਧਾਇਕ ਅੰਗਦ ਸਿੰਘ ਨੇ ਸ਼ਨੀਵਾਰ ਨੂੰ ਨਵਾਂਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 98.78 ਲੱਖ ਰੁਪਏ ਦੇ ਤਿੰਨ ਸੜਕੀ ਪ੍ਰੋਜੈਕਟ ਲੋਕ ਅਰਪਣ ਕੀਤੇ। ਉਦਘਾਟਨੀ ਪ੍ਰੋਜੈਕਟਾਂ ਵਿੱਚ ਕੁਲਾਮ ਰੋਡ ਤੋਂ ਦੁਰਗਾਪੁਰ ਰੋਡ, ਮੋਹਨ ਨਗਰ ਅਤੇ ਵਾਰਡ-9 ਵਿੱਚ ਰਾਜਪਾਲ ਬਿਲਡਿੰਗ ਦੇ ਸਾਹਮਣੇ ਮਾਸਟਰ ਲੰਬੜ ਦੀ ਗਲੀ ਸ਼ਾਮਲ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਜਿੱਥੇ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਨਵਾਂਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਤੇ ਵਧੀਆ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਿਧਾਇਕ ਨੇ ਕਿਹਾ ਕਿ ਕੁਆਲਿਟੀ ਕੰਟਰੋਲ ਨੂੰ ਯਕੀਨੀ ਬਣਾ ਕੇ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਬਣਾ ਕੇ ਕਰੋੜਾਂ ਰੁਪਏ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਮੁਕੰਮਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਹੋ ਕੇ ਕੰਮ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸਚਿਨ ਦੀਵਾਨ, ਕੌਂਸਲਰ ਬਲਵਿੰਦਰ ਭੁੰਬਲਾ, ਜਸਬੀਰ ਕੌਰ ਬਡਵਾਲ, ਮੋਨਿਕਾ ਜਾਂਗੜਾ, ਕੁਲਵੰਤ ਕੌਰ, ਪ੍ਰਵੀਨ ਭਾਟੀਆ, ਚੇਤ ਰਾਮ ਰਤਨ, ਯੂਥ ਪ੍ਰਧਾਨ ਕਰਨ ਦੀਵਾਨ, ਬਿੱਟੂ ਬਜਾਜ ਤੇ ਸਰਪੰਚ ਸਰਵਣ ਸਿੰਘ ਭੋਲੂ ਮੌਜੂਦ ਸਨ।