ਡੀ ਸੀ ਵਿਸ਼ੇਸ਼ ਸਾਰੰਗਲ ਨੇ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਲਈ ਕਿਹਾ
ਨਵਾਂਸ਼ਹਿਰ, 15 ਦਸੰਬਰ :- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਪੱਖੀ ਸਕੀਮਾਂ ਅਤੇ ਨੀਤੀਆਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ 16 ਅਤੇ 17 ਦਸੰਬਰ ਨੂੰ ਹਰੇਕ ਸਬ-ਡਵੀਜ਼ਨ ਵਿੱਚ ਸੁਵਿਧਾ ਕੈਂਪ ਲਗਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੀਆਂ ਸਬ-ਡਵੀਜ਼ਨਾਂ ਵਿੱਚ ਸੁਵਿਧਾ ਕੈਂਪ ਲਗਾਉਣ ਤਾਂ ਜੋ ਸਰਕਾਰ ਦੀਆਂ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾ ਕੇ, ਇਨ੍ਹਾਂ ਲਾਭ ਜ਼ਮੀਨੀ ਪੱਧਰ `ਤੇ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਬੇਜ਼ਮੀਨੇ ਨਾਗਰਿਕਾਂ ਲਈ ਪੰਜ ਮਰਲੇ ਦੇ ਪਲਾਟ, ਵਜ਼ੀਫ਼ਾ ਸਕੀਮ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਆਦਿ), ਘਰ ਦੀ ਮੁਰੰਮਤ ਲਈ ਐਸਸੀ/ਬੀਸੀ ਕਾਰਪੋਰੇਸ਼ਨਾਂ/ਬੈਕਫਿੰਕੋ ਤੋਂ ਕਰਜ਼ੇ, ਬੱਸ ਪਾਸ, ਪਖਾਨੇ ਦੀ ਉਸਾਰੀ, ਇੰਤਕਾਲ ਬਕਾਇਆ ਕੇਸ, ਮਨਰੇਗਾ ਜੌਬ ਕਾਰਡ, ਦੋ ਕਿਲੋਵਾਟ ਸਮਰੱਥਾ ਤੱਕ ਬਿਜਲੀ ਦੇ ਬਕਾਏ ਦੀ ਮੁਆਫੀ ਦਾ ਸਰਟੀਫਿਕੇਟ, ਬਕਾਇਆ ਸੀ ਐਲ ਯੂ ਕੇਸ/ਨਕਸ਼ੇ ਆਦਿ ਲਾਭ ਪਹੁੰਚਾਏ ਜਾਣਗੇ।
ਜ਼ਿਲ੍ਹੇ ਵਿੱਚ ਇਨ੍ਹਾਂ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਹਦਾਇਤ ਕਰਦਿਆਂ ਡੀ ਸੀ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਲਈ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਦੀ ਲੋੜ ਤੋਂ ਬਿਨਾਂ ਇੱਕ ਛੱਤ ਹੇਠ ਕਈ ਸਕੀਮਾਂ ਦਾ ਲਾਭ ਲੈਣ ਦਾ ਇਹ ਸੁਨਹਿਰੀ ਮੌਕਾ ਹੈ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਸਬ-ਡਵੀਜ਼ਨ `ਚ 16 ਦਸੰਬਰ ਨੂੰ ਪਿੰਡ ਭੀਣ `ਚ ਕੈਂਪ ਲਗਾਇਆ ਜਾਵੇਗਾ ਜਦਕਿ 17 ਦਸੰਬਰ ਨੂੰ ਪਿੰਡ ਲੰਗੜੋਆ ਵਿਖੇ ਲਗਾਇਆ ਜਾਵੇਗਾ . ਇਸੇ ਤਰ੍ਹਾਂ ਬੰਗਾ ਸਬ-ਡਵੀਜ਼ਨ ਵਿੱਚ ਪਹਿਲੇ ਦਿਨ 16 ਦਸੰਬਰ ਦਾ ਕੈਂਪ ਪਿੰਡ ਝੰਡੇਰ ਵਿੱਚ ਅਤੇ ਦੂਜੇ ਦਿਨ ਦਾ ਕੈਂਪ 17 ਦਸੰਬਰ ਨੂੰ ਬਹਿਰਾਮ ਵਿੱਚ ਲਗਾਇਆ ਜਾਵੇਗਾ। ਬਲਾਚੌਰ ਸਬ ਡਵੀਜ਼ਨ ਵਿੱਚ ਪਹਿਲੇ ਦਿਨ 16 ਦਸੰਬਰ ਨੂੰ ਇਹ ਕੈਂਪ ਬਲਾਚੌਰ ਅਤੇ 17 ਦਸੰਬਰ ਨੂੰ ਸੜੋਆ ਵਿਖੇ ਲਗਾਇਆ ਜਾਵੇਗਾ।