ਅਧਿਕਾਰ ਰੈਲੀ ਮੋਰਿੰਡਾ ਵਿਖੇ ਐਨ ਪੀ ਐਸ ਮੁਲਾਜ਼ਮਾਂ ਤੇ ਹੋਇਆ ਪੁਲੀਸ ਤਸਦੱਦ ਸ਼ਰਮਨਾਕ - ਮਾਨ

ਨਵਾਂਸ਼ਹਿਰ 7 ਦਸੰਬਰ : ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ  ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਕੋਠੀ ਦਾ ਘਿਰਾਓ ਕਰਨ ਗਏ ਐਨ ਪੀ ਐਸ ਮੁਲਾਜ਼ਮਾਂ ਤੇ ਪੁਲੀਸ ਵਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਇਸ ਤੇ ਵੀ ਜਦ ਮੰਨ ਨਾ ਭਰਿਆ ਤਾਂ ਪੁਲੀਸ ਧੱਕਾ ਮੁੱਕੀ ਤੇ ਉੱਤਰ ਆਈ। ਮੁਲਾਜਮਾਂ ਦੇ ਹੌਸਲੇ ਵਧਦੇ ਗਏ ਤੇ ਪੁਲੀਸ ਨੇ ਲਾਠੀ ਚਾਰਜ ਕਰਦਿਆਂ ਪੱਗਾਂ ਰੋਲ ਦਿੱਤੀਆਂ। ਇਸ ਤੇ ਸਖਤ ਨੋਟਿਸ ਲੈਂਦਿਆਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ ਗੁਰਦਿਆਲ ਮਾਨ ਨੇ ਕਿਹਾ ਕਿ ਜਿੱਥੇ ਚੰਨੀ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਘਰ ਘਰ ਚੱਲੀ ਏਹੋ ਗੱਲ ਚੰਨੀ ਕਰਦਾ ਮਸਲੇ ਹੱਲ, ਇਸ ਤੋਂ ਪ੍ਰਭਾਵਿਤ ਹੋ ਐਨ ਪੀ ਐਸ ਮੁਲਾਜ਼ਮ ਐਨ ਪੀ ਐਸ ਦੇ ਮੁੱਦੇ ਦੇ ਹੱਲ ਲਈ ਮੁੱਖ ਮੰਤਰੀ ਜੀ ਦੀ ਕੋਠੀ ਗਏ ਸਨ। ਪਰ ਇਸ ਦੇ ਉਲਟ ਸਰਕਾਰ ਵਲੋਂ ਸੰਘਰਸ਼ ਨੂੰ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਕੀਤੀ ਗਈ। ਇਸਦੀ  ਜਿੰਨੀ ਨਿਖੇਧੀ ਕੀਤੀ ਜਾਏ ਉਹ ਘੱਟ ਹੈ। ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸੱਚ ਦੀ ਅਵਾਜ ਨਾ ਕਦੇ ਦਬੀ ਹੈ ਨਾ ਦਬੇਗੀ। ਸਰਕਾਰ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਜੋ ਐਨ ਪੀ ਐਸ ਮੁਲਾਜ਼ਮ ਹਨ ਇਹ ਸ਼ਹੀਦ ਭਗਤ ਸਿੰਘ ਦੇ ਵਾਰਿਸ਼ ਹਨ, ਕਰਤਾਰ ਸਿੰਘ ਸਰਾਭਾ ਤੋਂ ਸੇਧ ਲੈਂਦੇ ਹਨ ਇਹਨਾਂ ਦੇ ਸੰਘਰਸ਼ ਨੂੰ ਦਬਾਉਣ ਦਾ ਇੱਕੋ ਤਰੀਕਾ ਹੈ ਕਿ ਇਹਨਾਂ ਦਾ ਮਸਲਾ ਹੱਲ ਕਰ ਦਿਉ। ਜੇ ਸਰਕਾਰ ਨੇ ਅਜੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਸੱਤਾਧਿਰ ਦੇ ਨੁਮਾਇੰਦਿਆਂ ਨੂੰ  ਲੋਕਾਂ ਵਿੱਚ ਜਾ ਕੇ ਵੋਟਾਂ ਮੰਗੀਆਂ ਮੁਸਕਿਲ ਹੋ ਜਾਣਗੀਆਂ। ਦੋ ਲੱਖ ਦੇ ਕਰੀਬ ਪ੍ਰਭਾਵਿਤ ਮੁਲਾਜਮ ਅਤੇ  ਦਸ ਲੱਖ ਦੇ ਕਰੀਬ ਪਰਿਵਾਰ ਇਸ ਤੋਂ ਸਿੱਧੇ ਅਸਿੱਧੇ ਤੌਰ ਤੇ ਪ੍ਰਭਾਵਿਤ ਹਨ। ਜੇ ਸੱਤਾਧਿਰ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਇਸ ਅੰਕੜੇ ਨੂੰ ਗੰਭੀਰਤਾ ਨਾਲ ਲਵੇ। ਹਰ ਮੁਲਾਜ਼ਮ ਦੀ ਨਜਰ ਦਸ ਦਿਸੰਬਰ ਨੂੰ  ਪ੍ਰਿੰਸੀਪਲ ਸਕੱਤਰ ਨਾਲ ਹੋਣ ਜਾ ਰਹੀ ਮੀਟਿੰਗ ਤੇ ਹੈ ਜੇ ਉਸ ਵਿੱਚ ਵੀ ਟਾਲ ਮਟੋਲ ਵਾਲਾ ਰਵੱਈਆ ਅਪਣਾਇਆ ਗਿਆ ਤਾਂ ਮੁਲਾਜਮਾਂ ਦੇ ਰੋਹ ਨੂੰ ਰੋਕ ਪਾਉਣਾ ਸਾਡੇ ਵੱਸ ਦੀ ਗੱਲ ਨਹੀਂ ਹੋਵੇਗੀ। ਉਮੀਦ ਹੈ ਸਰਕਾਰ ਸਕਾਰਾਤਮਕ ਦਿਸ਼ਾ ਵੱਲ ਕਦਮ ਜਰੂਰ ਵਧਾਏਗੀ। ਇਸ ਮੌਕੇ ਉਨ੍ਹਾ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜੀ ਵੀ ਕੀਤੀ। ਉਨ੍ਹਾਂਦੇ ਨਾਲ ਇਸ ਮੌਕੇ ਜੁਝਾਰ ਸੰਹੂਗੜਾ,ਹਰਪ੍ਰੀਤ ਬੰਗਾ,ਸੁਦੇਸ਼ ਦੀਵਾਨ,ਰਾਜ ਕੁਮਾਰ ਜੰਡੀ,ਭੁਪਿੰਦਰ ਸਿੰਘ,ਅਜੀਤ ਗੁੱਲਪੁਰੀ,ਸੋਮਨਾਥ ਸੜੋਆ,ਯੁਗਰਾਜ ਸਿੰਘ,ਹਰਚਰਨਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਵੀ ਹਾਜਰ ਸਨ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਸਰਕਾਰ ਵਿਰੁੱਧ ਨਾਹਰੇਬਾਜੀ ਕਰਦੇ ਹੋਏ।