ਕੌਮੀ ਲੋਕ ਅਦਾਲਤ ਵਿੱਚ 2985 ਕੇਸਾਂ ਦਾ ਮੌਕੇ ਤੇ ਨਿਪਟਾਰਾ

10 ਬੈਚਾਂ ਨੇ 12,99,59,979/- ਰੁਪਏ ਦੇ ਅਵਾਰਡ ਸੁਣਾਏ
ਨਵਾਂਸ਼ਹਿਰ, 11 ਦਸੰਬਰ :- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ  ਦਿਸ਼ਾ-ਨਿਰਦੇਸ਼ਾਂ  ਤਹਿਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ, ਸ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ 10 ਬੈਚਾਂ ਵੱਲੋ  ਵੱਖ-ਵੱਖ ਤਰ੍ਹਾਂ ਦੇ 3656 ਕੇਸਾਂ ਵਿੱਚੋਂ 2985 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ 'ਤੇ ਨਿਪਟਾਰਾ ਕਰਦਿਆ 12,99,59,979/-  ਰੁਪਏ ਦੇ ਅਵਾਰਡ ਸੁਣਾਏ ਗਏ।
ਇਹ ਜਾਣਕਾਰੀ ਦਿੰਦਿਆ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਕੇਸਾਂ ਦੀ ਸੁਣਵਾਈ ਲਈ ਸ਼ਹੀਦ ਭਗਤ ਸਿੰਘ ਨਗਰ ਵਿਖੇ 9 ਬੈਂਚ ਅਤੇ ਬਲਾਚੌਰ ਵਿਖੇ 1 ਬੈਂਚ ਲਗਾਇਆ ਗਿਆ।
ਇਨ੍ਹਾਂ ਬੈਂਚਾਂ ਦੀ ਅਗਵਾਈ ਜ਼ਿਲ੍ਹਾ ਜੱਜ (ਫੈਮਿਲੀ ਕੋਰਟ) ਅਸ਼ੋਕ ਕਪੂਰ, ਸਥਾਈ ਲੋਕ ਅਦਾਲਤ ਦੇ ਚੇਅਰਮੈਨ ਸਤਵਿੰਦਰ ਸਿੰਘ ਚਾਹਲ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-1 ਰਣਧੀਰ ਵਰਮਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-2 ਕੁਲਦੀਪ ਸਿੰਘ ਚੀਮਾ, ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਗਬੀਰ ਸਿੰਘ ਮਹਿੰਦੀਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਾਧਿਕਾ ਪੁਰੀ , ਸਿਵਲ ਜੱਜ (ਜੂਨੀਅਰ ਡਵੀਜ਼ਨ) ਹਰਪ੍ਰੀਤ ਕੌਰ ਨਫਰਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ ਅਤੇ ਸਿਵਲ ਜੱਜ ( ਜੂਨੀਅਰ ਡਵੀਜ਼ਨ) ਸੀਮਾ ਅਗਨੀਹੋਤਰੀ ਵੱਲੋਂ ਕੀਤੀ ਗਈ। ਇਨ੍ਹਾਂ  ਦੇ ਨਾਲ ਮੈਂਬਰਾਂ ਦੇ ਤੌਰ 'ਤੇ ਐਡਵੋਕੇਟ ਸ਼ਾਮਲ ਸਨ।  
ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਲੋਕ ਅਦਾਲਤ  ਦਾ ਮੁੱਖ ਮਨੋਰਥ ਸਮਝੌਤੇ ਰਾਜੀਨਾਮੇ ਰਾਹੀ ਅਦਾਲਤੀ ਕੇਸਾਂ  ਦਾ ਫੈਸਲਾ ਕਰਵਾਉਣਾ ਹੈ ਤਾ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਪਸੀ ਰੰਜਿਸ਼ ਵੀ ਘਟਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਜੋ ਵੱਖ-ਵੱਖ ਅਦਾਲਤਾਂ ਵਿੱਚ ਲੰਬਿਤ ਪਏ ਹੋਣ, ਉਹ ਲੋਕ ਅਦਾਲਤਾਂ ਵਿੱਚ ਫੈਸਲੇ ਲਈ ਸ਼ਾਮਿਲ ਕੀਤੇ ਜਾਦੇ ਹਨ। ਜੋ ਝਗੜਾ ਅਦਾਲਤ ਵਿੱਚ ਨਾ ਚੱਲਦਾ ਹੋਵੇ, ਪਰੰਤੂ ਮੁਕੱਦਮਾਬਾਜ਼ੀ ਤੋਂ ਪਹਿਲਾ ਦੇ ਪੜਾਅ (ਪ੍ਰੀ- ਲਿਟੀਗੇਸ਼ਨ) 'ਤੇ ਹੋਵੇ, ਉਹ ਮਾਮਲਾ ਵੀ ਲੋਕ ਅਦਾਲਤ ਵਿੱਚ ਦਰਖ਼ਾਸਤ ਦੇ ਕੇ ਰਾਜੀਨਾਮੇ ਲਈ ਲਿਆਂਦਾ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ. ਕੰਵਲਜੀਤ ਸਿੰਘ ਸ਼ਨਿੱਚਰਵਾਰ ਨੂੰ ਨਵਾਂਸ਼ਹਿਰ ਵਿਖੇ ਨੈਸ਼ਨਲ ਲੋਕ ਅਦਾਲਤ ਦੌਰਾਨ ਲਾਏ ਗਏ ਬੈਂਚਾਂ ਦੌਰਾਨ ਜਾਇਜ਼ਾ ਲੈਂਦੇ ਹੋਏ।