ਮੁੱਖ ਮੰਤਰੀ ਦੇ ਆਦੇਸ਼ਾਂ ਮਗਰੋਂ ਰੇਤਾ ਦਾ ਭਾਅ 10 ਤੋਂ 12 ਰੁਪਏ ਘਣ ਫੁੱਟ ਤੱਕ ਹੇਠਾਂ ਆਇਆ

ਪਟਿਆਲਾ, 15 ਦਸੰਬਰ: ਪੰਜਾਬ ਸਰਕਾਰ ਵਲੋਂ ਰੇਤੇ ਦਾ ਭਾਅ 5.50 ਰੁਪਏ ਘਣ ਫੁੱਟ ਨਿਰਧਾਰਿਤ ਕਰਨ ਪਟਿਆਲਾ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ ਕਰਨ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਤਹਿਤ ਰੇਤੇ ਦਾ ਪ੍ਰਤੀ ਫੁੱਟ ਭਾਅ 30-32 ਰੁਪਏ ਤੋਂ ਘਟਕੇ 20-22 ਰੁਪਏ ਪ੍ਰਤੀ ਘਣ ਫੁੱਟ ਤੱਕ ਆ ਗਿਆ ਹੈ, ਇਸ ਭਾਅ 'ਚ 5.50 ਰੁਪਏ ਘਣ ਫੁੱਟ ਰੇਤੇ ਦੀ ਖੱਡ ਤੋਂ ਭਰਾਈ ਤੋਂ ਬਾਅਦ ਆਮ ਲੋਕਾਂ ਤੱਕ ਢੋਆ ਢੁਆਈ ਅਤੇ ਲੁਹਾਈ ਆਦਿ ਦੇ ਖਰਚ ਵੀ ਸ਼ਾਮਲ ਹਨ। 
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਉਪਰ ਰੇਤੇ ਦੇ ਭਾਅ ਨਿਰਧਾਰਿਤ ਕੀਤੇ ਜਾਣ ਮਗਰੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਤੱਕ ਵਾਜਿਬ ਦਰਾਂ 'ਤੇ ਰੇਤਾ ਪੁੱਜਦਾ ਕਰਨ ਲਈ ਮੁਕੰਮਲ ਪਾਰਦਰਸ਼ਤਾ ਲਿਆਂਦੀ ਹੈ, ਜਿਸ ਨਾਲ ਆਮ ਲੋਕਾਂ ਦੇ ਨਾਲ ਟਰਾਂਸਪੋਰਟਰਾਂ ਤੇ ਥੋਕ ਦੇ ਵਪਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਪਣੇ ਮਕਾਨਾਂ, ਦੁਕਾਨਾਂ ਜਾਂ ਹੋਰ ਅਦਾਰਿਆਂ ਦੀ ਉਸਾਰੀ ਕਾਰਜਾਂ ਦੇ ਨਾਲ-ਨਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਸਸਤਾ ਰੇਤਾ ਪ੍ਰਾਪਤ ਕਰਕੇ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਜੇਕਰ ਮਹਿੰਗਾ ਰੇਤਾ ਵੇਚਣ ਸਬੰਧੀ ਕੋਈ ਸ਼ਿਕਾਇਤ ਧਿਆਨ ਵਿਚ ਆਉਂਦੀ ਹੈ ਤਾਂ ਲੋਕ ਸਬੰਧਤ ਐਸ.ਡੀ.ਐਮ. ਦਫ਼ਤਰ, ਮਾਈਨਿੰਗ ਵਿਭਾਗ ਜਾਂ ਉਨ੍ਹਾਂ ਦੇ ਦਫ਼ਤਰ ਵਿਖੇ ਸਿੱਧਾ ਸੰਪਰਕ ਕਰ ਸਕਦੇ ਹਨ।
ਇਸ ਦੌਰਾਨ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਐਸ.ਡੀ.ਓ. ਵਰੁਣ ਗਰਗ ਨੇ ਦੱਸਿਆ ਕਿ ਵਿਭਾਗ ਵਲੋਂ ਮੋਬਾਇਲ ਐਪ ਰਾਹੀਂ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਖੁਦਾਈ ਤੇ ਢੋਆ ਢੁਆਈ ਨੂੰ ਚੈਕ ਕਰਨ ਸਮੇਤ ਡੀ-ਸਿਲਟਿੰਗ ਸਾਇਟ ਤੋਂ ਠੇਕੇਦਾਰਾਂ ਵਲੋਂ ਜਾਰੀ ਪਰਚੀ ਉੱਪਰ ਕਿਊ-ਆਰ ਕੋਡ ਸਕੈਨ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਉਸ ਪਰਚੀ ਨੂੰ ਪੰਜਾਬ ਭਰ ਵਿਚ ਕਿਤੇ ਵੀ ਸਕੈਨ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਰੇਤੇ ਦੀ ਟਰਾਲੀ ਜਾਂ ਟਿੱਪਰ ਕਿਸ ਖੱਡ ਵਿਚੋਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੇਤਾ ਦੀ ਪੁਟਾਈ 'ਚ ਪਾਰਦਰਸ਼ਤਾ ਆਈ ਹੈ ਅਤੇ ਰੇਤਾ ਸਸਤੇ ਭਾਅ 'ਤੇ ਆਮ ਲੋਕਾਂ ਤੱਕ ਪੁੱਜਣਾ ਯਕੀਨੀ ਬਣਿਆ ਹੈ।
ਇਸੇ ਦੌਰਾਨ ਪਟਿਆਲਾ 'ਚ ਰੇਤਾ ਦਾ ਕੰਮ ਕਰਦੇ ਓਮ ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਰੇਤਾ ਖੱਡ ਤੋਂ ਹੀ ਬਹੁਤ ਮਹਿੰਗੇ ਭਾਅ ਮਿਲਦਾ ਸੀ ਜਿਸ ਕਰਕੇ ਆਮ ਲੋਕਾਂ ਤੱਕ ਵੀ ਰੇਤਾ ਅੱਗੇ ਮਹਿੰਗੇ ਭਾਅ ਵੇਚਣਾ ਪੈਂਦਾ ਸੀ ਪਰੰਤੂ ਹੁਣ ਇਸ ਰੇਤਾ ਦਾ ਖੱਡ 'ਤੇ ਭਰਾਈ ਦਾ ਭਾਅ 5.50 ਰੁਪਏ ਮਿਥੇ ਜਾਣ ਨਾਲ ਉਨ੍ਹਾਂ ਨੂੰ ਰੇਤਾ ਵਾਜਬ ਭਾਅ 'ਤੇ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ 20 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਦੇ ਹਾਂ ਜੋਕਿ 10 ਤੋਂ 12 ਰੁਪਏ ਘਣ ਫੁੱਟ ਦੇ ਹਿਸਾਬ ਨਾਲ ਸਿੱਧਾ ਹੀ ਸਸਤਾ ਹੋਇਆ ਹੈ।
ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਤਰ੍ਹਾਂ ਆਮ ਗਾਹਕ ਨੂੰ ਹੁਣ ਰੇਤਾ 30-32 ਰੁਪਏ ਪ੍ਰਤੀ ਫੁੱਟ ਦੀ ਥਾਂ 19-20 ਰੁਪਏ ਪ੍ਰਤੀ ਫੁਟ, ਸਾਰੇ ਖ਼ਰਚੇ ਕੱਢਕੇ ਮਿਲਣ ਲੱਗਾ ਹੈ। ਗੋਰਾ ਲਾਲ ਐਂਡ ਕੰਪਨੀ ਤੋਂ ਰੇਤਾ ਲੈਣ ਆਏ ਇੱਕ ਗੁਰਪ੍ਰੀਤ ਸਿੰਘ ਨਾਮ ਦੇ ਗਾਹਕ ਨੇ 30 ਰੁਪਏ ਪ੍ਰਤੀ ਫੁਟ ਦੇ ਹਿਸਾਬ ਦੀ ਥਾਂ 20 ਰੁਪਏ ਪ੍ਰਤੀ ਫੁਟ ਰੇਤਾ ਮਿਲਣ 'ਤੇ ਇਸ ਫੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਰੇਤਾ ਸਸਤਾ ਹੋਣ ਨਾਲ ਉਸਾਰੀ ਲਾਗਤ 'ਚ ਵੀ ਕਮੀ ਆਵੇਗੀ।
ਜਦੋਂਕਿ ਟਿੱਪਰ ਯੂਨੀਅਨ ਪਟਿਆਲਾ ਦੇ ਪ੍ਰਧਾਨ ਜਤਿੰਦਰ ਸਿੰਘ ਕਲੇਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਉਹ ਇਹੋ ਰੇਤਾ 16 ਤੋਂ 17 ਰੁਪਏ ਫੁੱਟ ਭਰਦੇ ਸਨ ਅਤੇ ਇਸ ਦੀ ਪਹੁੰਚ 31-31 ਰੁਪਏ ਪ੍ਰਤੀ ਫੁਟ ਹੁੰਦੀ ਸੀ ਪਰੰਤੂ ਹੁਣ ਰੇਤਾ 5.50 ਰੁਪਏ ਮਿਥੇ ਜਾਣ ਨਾਲ ਹੁਣ ਲੋਕਾਂ ਤੱਕ ਇਸ ਦੀ ਪਹੁੰਚ 18 ਤੋਂ 20 ਰੁਪਏ ਤੱਕ ਹੋਣ ਲੱਗੀ ਹੈ ਇਸ ਨਾਲ ਟਰਾਂਸਪੋਰਟਰਾਂ ਤੇ ਟਿਪਰ ਮਾਲਕਾਂ ਨੂੰ ਵੀ ਰਾਹਤ ਮਿਲੀ ਹੈ। ਸ. ਜਤਿੰਦਰ ਕਲੇਰ ਦਾ ਕਹਿਣਾ ਸੀ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਰੇਤਾ ਦਾ ਭਾਅ ਘਟਾਏ ਜਾਣ ਨਾਲ ਹਰ ਵਰਗ ਨੂੰ ਰਾਹਤ ਮਿਲੀ ਹੈ। ਉਨ੍ਹਾਂ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਰੇਤੇ ਦੀ ਸਪਲਾਈ ਲਗਾਤਾਰ ਜਾਰੀ ਹੈ ਅਤੇ ਲੋਕਾਂ ਤੱਕ ਬਿਲਕੁਲ ਵਾਜਿਬ ਦਰਾਂ 'ਤੇ ਰੇਤਾ ਪੁੱਜਦਾ ਕਰਨ ਲਈ ਮਾਈਨਿੰਗ ਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਵਲੋਂ ਰੇਤੇ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਰੇਤਾ ਨਿਰਧਾਰਿਤ ਭਾਅ ਤੋਂ ਉੱਪਰ ਨਾ ਵੇਚਿਆ ਜਾਵੇੇ। ਇਸੇ ਦੌਰਾਨ ਰਾਜਗਿਰੀ ਦੇ ਕੰਮ ਕਰਦੇ ਕੁਝ ਮਿਸਤਰੀਆਂ ਨੇ ਦੱਸਿਆ ਕਿ ਰੇਤੇ ਦੇ ਭਾਅ ਵਿਚ ਕਮੀ ਨਾਲ ਉਨ੍ਹਾਂ ਦੇ ਕੰਮ ਵਿਚ ਤੇਜੀ ਆਈ ਹੈ ਤੇ ਵਿਸ਼ੇਸ਼ ਕਰਕੇ ਘਰਾਂ ਦੀ ਉਸਾਰੀ ਦਾ ਕੰਮ ਵਧਿਆ ਹੈ।