ਡਿਪਟੀ ਕਮਿਸ਼ਨਰ ਨੇ ਪੁਲਿਸ ਨੂੰ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ

ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ ਅਤੇ ਆਬਕਾਰੀ ਅਧਿਕਾਰੀ ਸ਼ੁਰੂ ਕਰਨਗੇ ਰੈੱਡ ਅਲਰਟ ਚੈਕਿੰਗ ਮੁਹਿੰਮ
 ਨਵਾਂਸ਼ਹਿਰ, 3 ਦਸੰਬਰ: - ਸੂਬੇ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਜ਼ਿਲ੍ਹੇ 'ਚ ਤਿਆਰੀਆਂ ਵਜੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਥਾਣਿਆਂ ਦੇ ਅਧਿਕਾਰ ਖੇਤਰਾਂ ਵਿੱਚ ਆਉਂਦੇ ਸਾਰੇ ਲਾਇਸੰਸਸ਼ੁਦਾ ਹਥਿਆਰ ਤੁਰੰਤ ਜਮ੍ਹਾਂ ਕਰਵਾਉਣ।ਇਸ ਮੀਟਿੰਗ ਵਿੱਚ ਸੀਨੀਅਰ ਕਪਤਾਨ ਪੁਲਿਸ (ਐਸ ਐਸ ਪੀ) ਕੰਵਰਦੀਪ ਕੌਰ ਵੀ ਮੌਜੂਦ ਸਨ। 
     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2637 ਲਾਇਸੰਸ ਧਾਰਕ ਹਨ ਅਤੇ ਉਨ੍ਹਾਂ ਕੋਲ 3246 ਰਜਿਸਟਰਡ ਹਥਿਆਰ ਹਨ, ਜੋ ਕਿ ਚੋਣਾਂ ਦੇ ਮੱਦੇਨਜ਼ਰ ਜਮ੍ਹਾਂ ਹੋਣੇ ਲਾਜ਼ਮੀ ਹਨ। ਉਨ੍ਹਾਂ ਐਸ ਐਸ ਪੀ ਨੂੰ ਕਿਹਾ ਕਿ ਉਹ ਐਸ.ਐਚ.ਓਜ਼ ਨੂੰ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ ਦੇਣ ਅਤੇ ਸਾਰੇ ਅਸਲਾ ਧਾਰਕਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਵਾਉਣ ਤਾਂ ਜੋ ਉਹ ਅੱਜ ਤੋਂ ਹੀ ਆਪਣੇ ਹਥਿਆਰ ਜਮ੍ਹਾਂ ਕਰਵਾ ਸਕਣ।  ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਅਤੇ ਆਬਕਾਰੀ ਵਿਭਾਗਾਂ ਨੂੰ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਸਖ਼ਤੀ ਨਾਲ ਰੋਕਣ ਲਈ ਵਿਸ਼ੇਸ਼ 'ਰੈੱਡ ਅਲਰਟ' ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਜ਼ਿਲੇ ਵਿੱਚ ਪੈਂਦੇ ਸਮੂਹ ਅੰਤਰ ਜ਼ਿਲ੍ਹਾ ਨਾਕਿਆਂ 'ਤੇ ਸਾਂਝੀ ਚੈਕਿੰਗ ਮੁਹਿੰਮ ਚਲਾ ਕੇ ਇਸ 'ਤੇ ਨਜ਼ਰ ਰੱਖਣ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ।  ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਗਲੇ ਸ਼ੁੱਕਰਵਾਰ ਤੱਕ ਸੰਵੇਦਨਸ਼ੀਲ ਬੂਥਾਂ ਦੀ ਮੈਪਿੰਗ ਮੁਕੰਮਲ ਕਰਨ ਲਈ ਕਿਹਾ।  ਉਨ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਰੈਂਪ, ਵ੍ਹੀਲ ਚੇਅਰ ਅਤੇ ਹੋਰ ਸਹੂਲਤਾਂ ਨੂੰ ਯਕੀਨੀ ਬਣਾ ਕੇ ਦਿਵਿਆਂਗ (ਪੀ ਡਬਲਯੂ ਡੀ) ਵੋਟਰਾਂ ਦੀ ਸਹੂਲਤ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕਰਨ ਲਈ ਵੀ ਕਿਹਾ।  ਇਸ ਤੋਂ ਇਲਾਵਾ, ਉਨ੍ਹਾਂ ਨੇ ਪੀ ਡਬਲਯੂ ਡੀ ਵੋਟਰਾਂ ਦੀ ਸਹਾਇਤਾ ਲਈ ਵਲੰਟੀਅਰ ਨਿਯੁਕਤ ਕਰਨ ਲਈ ਵੀ ਕਿਹਾ।  ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਫਲਾਇੰਗ ਸਕੁਐਡ, ਸਟੈਟਿਕ ਸਰਵੇਲੈਂਸ ਟੀਮਾਂ, ਸੀ-ਵਿਜੀਲ ਟੀਮਾਂ, ਖਰਚਾ ਨਿਗਰਾਨ, ਐਮ.ਸੀ.ਸੀ., ਵੀਡੀਓ ਸਰਵੇਲੈਂਸ ਟੀਮਾਂ, ਲੇਖਾ ਟੀਮਾਂ ਬਣਾਉਣ ਲਈ ਵੀ ਕਿਹਾ ਤਾਂ ਜੋ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਟੀਮਾਂ ਨੂੰ ਤੇਜ਼ੀ ਨਾਲ ਫੀਲਡ ਵਿੱਚ ਭੇਜਿਆ ਜਾ ਸਕੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ.ਪੀ (ਐਚ) ਮਨਵਿੰਦਰ ਬੀਰ ਸਿੰਘ, ਐਸ.ਡੀ.ਐਮਜ਼ ਵਿਰਾਜ ਐਸ. ਤਿੜਕੇ ਬੰਗਾ,  ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ, ਦੀਪਕ ਰੋਹੀਲਾ ਬਲਾਚੌਰ, ਡੀ.ਐਸ.ਪੀਜ਼ ਤਰਲੋਚਨ ਸਿੰਘ ਬਲਾਚੌਰ ਤੇ ਦਵਿੰਦਰ ਸਿੰਘ ਘੁੰਮਣ ਨਵਾਂਸ਼ਹਿਰ, ਡੀ.ਡੀ.ਪੀ.ਓ ਦਵਿੰਦਰ ਸ਼ਰਮਾ, ਡਿਪਟੀ ਡੀ.ਈ.ਓ ਅਮਰੀਕ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Virus-free. www.avast.com