ਨਵਾਂਸ਼ਹਿਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ
ਬੰਗਾ ਤੇ ਬਲਾਚੌਰ ਵਿਖੇ ਹੋਣਗੇ ਸਬ ਡਵੀਜ਼ਨ ਪੱਧਰੀ ਸਮਾਗਮ
ਨਵਾਂਸ਼ਹਿਰ, 31 ਦਸੰਬਰ :- ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਅੱਜ ਗਣਤੰਤਰ
ਦਿਵਸ ਦੀਆਂ ਤਿਆਰੀਆਂ ਸਬੰਧੀ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਲਈ ਵੱਖ-ਵੱਖ
ਵਿਭਾਗਾਂ ਨਾਲ ਮੀਟਿੰਗ ਕਰਕੇ, ਹਰੇਕ ਵਿਭਾਗ ਨੂੰ ਬਣਦੀ ਜ਼ਿੰਮੇਂਵਾਰੀ ਸੌਂਪੀ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ
ਵਿਖੇ ਹੋਵੇਗਾ ਜਦਕਿ ਸਬ ਡਵੀਜ਼ਨ ਪੱਧਰੀ ਸਮਾਗਮ ਬੰਗਾ ਅਤੇ ਬਲਾਚੌਰ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਹੋਣ ਵਾਲੇ ਰੰਗਾ-ਰੰਗ ਪ੍ਰੋਗਰਾਮ
ਦੀਆਂ ਅੰਤਮ ਰੀਹਰਸਲਾਂ (ਸਰਕਾਰ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੇ ਆਧਾਰ 'ਤੇ ਹੀ)
22,23 ਤੇ 24 ਜਨਵਰੀ ਨੂੰ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਹੋਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਆਈ.ਟੀ.ਆਈ. ਸਟੇਡੀਅਮ ਵਿਖੇ ਫ਼ਾਈਨਲ ਰੀਹਰਸਲਾਂ ਦੌਰਾਨ
ਵਿਦਿਆਰਥੀਆਂ ਦੇ ਬੈਠਣ ਲਈ ਦਰੀਆਂ ਦਾ ਪ੍ਰਬੰਧ ਕਰਨ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ
ਅਤੇ ਰੀਫ਼੍ਰੈਸ਼ਮੈਂਟ ਦਾ ਪ੍ਰਬੰਧ ਕਰਨ ਲਈ ਵੀ ਆਖਿਆ। ਉਨ੍ਹਾਂ ਇਸ ਦੌਰਾਨ ਆਰਜ਼ੀ ਬਾਥਰੂਮਜ਼
ਅਤੇ ਮੈਡੀਕਲ ਟੀਮ ਦਾ ਪ੍ਰਬੰਧ ਵੀ ਯਕੀਨੀ ਬਣਾਉਣ ਲਈ ਆਖਿਆ।
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਐਨ.ਜੀ.ਓਜ਼ ਅਤੇ ਚੋਣ ਕਮਿਸ਼ਨ ਦੀਆਂ ਸਵੀਪ ਗਤੀਵਿਧੀਆਂ
ਨਾਲ ਸਬੰਧਤ ਝਾਕੀਆਂ ਵੀ ਤਿਆਰ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ
ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਰਕਾਰੀ
ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਅਰਜ਼ੀਆ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚਾਉਣ ਲਈ
ਕਿਹਾ ਗਿਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ 'ਤੇ
ਸਨਮਾਨ ਹਾਸਲ ਕਰ ਚੁੱਕੇ ਕਰਮਚਾਰੀ ਸਨਮਾਨ ਲਈ ਨਹੀਂ ਵਿਚਾਰੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਡੀ.ਸੀ. ਦਫ਼ਤਰ ਅਤੇ ਡੀ.ਸੀ. ਕੈਂਪ ਆਫ਼ਿਸ
ਵਿਖੇ ਤਿਰੰਗਾ ਲਹਿਰਾਉਣ ਦੇ ਪ੍ਰਬੰਧ ਵੀ ਕੀਤੇ ਜਾਣ ਲਈ ਆਖਿਆ। ਉਨ੍ਹਾਂ ਨੇ ਜ਼ਿਲ੍ਹਾ
ਪੁਲਿਸ ਨੂੰ ਇਸ ਮੌਕੇ ਕੀਤੇ ਜਾਣ ਵਾਲੇ ਮਾਰਚ ਪਾਸਟ ਲਈ ਪੁਲਿਸ ਟੁਕੜੀਆਂ ਅਤੇ
ਐਨ.ਸੀ.ਸੀ./ਐਨ ਐਸ ਐਸ ਟੁਕੜੀਆਂ ਦੀ ਕਦਮ ਤਾਲ ਪੁਲੀਸ ਟੁਕੜੀਆਂ ਨਾਲ ਬੇਹਤਰ ਢੰਗ ਨਾਲ
ਮਿਲਾਉਣ ਲਈ, ਉਨ੍ਹਾਂ ਦਾ ਉਚੇਚਾ ਅਭਿਆਸ ਕਰਵਾਉਣ ਲਈ ਵੀ ਆਖਿਆ।
ਉਨ੍ਹਾਂ ਨੇ ਐਸ.ਡੀ.ਐਮ. ਬੰਗਾ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਵਿਖੇ ਮੁੱਖ
ਮਹਿਮਾਨ ਵੱਲੋਂ ਸ਼ਰਧਾ ਸੁਮਨ ਅਰਪਿਤ ਕਰਨ ਦੇ ਮੱਦੇਨਜ਼ਰ ਪਹਿਲੋਂ ਹੀ ਅਗਾਊਂ ਪ੍ਰਬੰਧ ਵੀ
ਮੁਕੰਮਲ ਕਰਕੇ ਰੱਖਣ ਲਈ ਆਖਿਆ।
ਮੀਟਿੰਗ ਵਿੱਚ ਐਸ.ਡੀ.ਐਮ. ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਬੰਗਾ
ਵਿਰਾਜ ਐਸ ਤਿੜਕੇ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ
ਸਿੰਘ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਕੁਲਵਿੰਦਰ ਸਿੰਘ ਸਰਾਏ, ਸਹਾਇਕ ਡਾਇਰੈਕਟਰ
(ਬਾਗ਼ਬਾਨੀ) ਜਗਦੀਸ਼ ਸਿੰਘ ਕਾਹਮਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਅਤੇ ਹੋਰ
ਅਧਿਕਾਰੀ ਮੌਜੂਦ ਸਨ।