ਨਵਾਂਸ਼ਹਿਰ ਵਿਖੇ ਮਨਾਇਆ ਗਿਆ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ

                                          
ਵਿਸ਼ੇਸ਼ ਗਤੀਵਿਧੀਆਂ ਰਾਹੀਂ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ 6 ਬੱਚੇ ਅਤੇ 4 ਹੋਰ ਦਿਵਿਆਂਗਜਨ ਸਨਮਾਨਿਤ
ਨਵਾਂਸ਼ਹਿਰ, 7 ਦਸੰਬਰ : -ਸਮਾਜਿਕ ਸੁਰੱਖਿਅਤ ਵਿਭਾਗ ਵੱਲੋਂ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਹਤ ਵਿਭਾਗ ਨਾਲ ਮਿਲ ਕੇ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਇੰਦਰ ਮੋਹਨ ਗੁਪਤਾ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਵੱਲੋਂ ਦਿਵਿਆਂਗਜ਼ਨਾਂ ਦੀ ਭਲਾਈ ਲਈ ਸਿਹਤ ਵਿਭਾਗ ਦੇ ਪੱਧਰ `ਤੇ ਕੀਤੇ ਜਾ ਰਹੇ ਕੰਮਾਂ ਅਤੇ ਸੇਵਾਂਵਾਂ ਦੇ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਵੱਖ-ਵੱਖ  ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਹੋਣ ਵਾਲੇ  ਬੱਚਿਆਂ ਨੂੰ ਵਧਾਈ ਦਿੱਤੀ ਗਈ ।     ਇਸ ਮੋਕੇ 'ਤੇ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨਜ ਦੇ ਵਿਦਿਆਰਥੀਆਂ ਵੱਲੋਂ  ਸੱਭਿਆਚਾਰਕ ਪ੍ਰੋਗਰਾਮ ਅਤੇ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ `ਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਲਈ ਮੈਡੀਕਲ ਕੈਂਪ, ਯੂ.ਡੀ.ਆਈ.ਡੀ. ਰਜਿਸਟ੍ਰੇਸ਼ਨ ਕੈਂਪ ਅਤੇ ਰੋਜ਼ਗਾਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ।   ਇਸ ਮੌਕੇ ਸ੍ਰੀਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਦਿਵਿਆਂਗਜਨਾਂ ਦੇ ਸਬੰਧ ਵਿਚ ਚਲਾਈਆਂ ਜਾ ਰਹੀਆਂ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ  ਦਿਵਿਆਂਗਜਨ ਬੱਚਿਆਂ ਦੀ ਸ਼ਲਾਘਾ ਕੀਤੀ ਗਈ ।  ਸੰਜੀਵ ਕੁਮਾਰ ਜਿਲ੍ਹਾ ਰੋਜਗ਼ਾਰ ਅਤੇ ਉਤਪਤੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੇ ਸੰਬੋਧਨ ਵਿਚ ਵਿਭਾਗ ਵੱਲੋਂ ਦਿਵਿਆਂਗਜਨਾਂ ਲਈ ਰੋਜ਼ਗਾਰ ਦੀ ਦ੍ਰਿਸ਼ਟੀ ਤੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।  ਇਸ ਪ੍ਰੋਗਰਾਮ ਵਿਚ ਹਾਜ਼ਰ ਦਿਵਿਆਂਗਜਨਾਂ ਵਿਚੋਂ ਵੱਖ-ਵੱਖ ਪੱਧਰਾਂ ਜਿਵੇਂ ਕਿ ਸਪੋਰਟਸ, ਮਿਊਜਿਕ ਅਤੇ ਹੋਰ ਵਿਸ਼ੇਸ਼ ਗਤੀਵਿਧੀਆਂ ਰਾਹੀਂ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ 6 ਬੱਚਿਆਂ ਅਤੇ 4 ਹੋਰ ਦਿਵਿਆਂਗਜਨਾਂ ਵਿਅਕਤੀਆਂ  ਨੂੰ  ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਲਗਾਏ ਗਏ ਕੈਂਪ ਦੇ ਦੌਰਾਨ ਰੋਜ਼ਗਾਰ ਰਜਿਸਟ੍ਰੇਸ਼ਨ ਲਈ 3 ਕੇਸ , ਦਿਵਿਆਂਗਜ਼ਨ ਪੈਨਸ਼ਨ ਲਈ 4 ਅਤੇ ਯੂ.ਡੀ.ਆਈ.ਡੀ. ਕਾਰਡ ਬਣਾਉਂਣ ਲਈ 24 ਕੇਸ ਪ੍ਰਾਪਤ ਕੀਤੇ ਗਏ।
       ਇਸ ਮੌਕੇ ਦਿਵਿਆਂਗਜਨ ਸਟੇਟ ਐਵਾਰਡੀ ਮਿਸ ਪੂਜਾ ਸ਼ਰਮਾ ਤੇ ਕਸ਼ਮੀਰ ਸਨਾਵਾ ਸਟੇਟ ਐਵਾਰਡੀ ਅਤੇ ਚੇਅਰਮੈਨ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ, ਸ੍ਰੀਮਤੀ ਲੱਛਮੀ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਕਾਹਮਾ ਸਕੂਲ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਪਲੇਸਮੈਂਟ ਅਫਸਰ ਰੋਜ਼ਗਾਰ ਦਫਤਰ, ਕਲੈਰੀਕਲ ਸਟਾਫ਼, ਸਰਵ ਸਿੱਖਿਆ ਅਭਿਆਨ ਅਤੇ ਦਫਤਰ ਸਿਵਲ ਸਰਜਨ ਸ.ਭ.ਸ.ਨਗਰ ਅਤੇ ਐਸ.ਐਮ.ਓ. ਨਵਾਂਸ਼ਹਿਰ ਆਪਣੇ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਮੂਹ ਬਲਾਕਾਂ ਦੀਆਂ ਸੁਪਰਵਾਇਜ਼ਰਾਂ ਹਾਜ਼ਰ  ਸਨ।