ਪਟਿਆਲਾ ਪੁਲਿਸ ਨੇ ਬਲਬੇੜਾ ਵਿਖੇ ਕਾਰ 'ਚੋਂ ਹੋਈ 8.25 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਈ

ਪਟਿਆਲਾ, 22 ਦਸੰਬਰ: ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਅਕਾਲ ਅਕੈਡਮੀ ਬਲਬੇੜਾ ਦੇ ਬਾਹਰ ਖੜੀ ਸਵੀਫਟ ਕਾਰ 'ਚੋਂ ਗੱਡੀ ਦਾ ਸ਼ੀਸ਼ਾ ਭੰਨਕੇ ਅੱਠ ਲੱਖ ਪੱਚੀ ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨਾਂ ਦੋਸ਼ੀਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 
ਸ. ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 8 ਦਸੰਬਰ 2021 ਨੂੰ ਅਕਾਲ ਅਕੈਡਮੀ ਬਲਬੇੜਾ ਦੇ ਬਾਹਰ ਖੜ੍ਹੀ ਸਵਿਫ਼ਟ ਕਾਰ ਵਿਚੋਂ ਕੁੱਝ ਅਣਪਛਾਤੇ ਬਲੈਨੌ ਕਾਰ ਸਵਾਰ ਵਿਅਕਤੀਆਂ ਵੱਲੋਂ ਗੱਡੀ ਦਾ ਸ਼ੀਸ਼ਾ ਭੰਨਕੇ ਗੱਡੀ ਵਿੱਚ ਰੱਖੇ ਹੋਏ ਪੈਸਿਆਂ ਵਾਲੇ ਬੈਗ ਦੀ ਲੁੱਟ ਕਰ ਲਈ ਗਈ ਸੀ। ਜਿਸ ਸਬੰਧੀ ਮਲਕੀਤ ਸਿੰਘ ਉਰਫ਼ ਟਿੰਕਾ ਬਿਆਨਾਂ ਦੇ ਅਧਾਰ ਤੇ ਮੁਕੱਦਮਾ 284 ਮਿਤੀ 08.12.2021 ਅ/ਧ 379 ਹਿੰ:ਦੰ: ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਦਈ ਮੁਕੱਦਮਾ ਦੇ ਬਿਆਨ ਮੁਤਾਬਿਕ ਉਸ ਨੇ ਆਪਣੀ ਭੈਣ ਪਰਵਿੰਦਰ ਕੌਰ ਦੇ ਵਿਆਹ ਲਈ 8 ਲੱਖ 25 ਹਜ਼ਾਰ ਰੁਪਏ ਪਿੰਡ ਅਗੌਦ ਵਿਖੇ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਤੋ ਲਏ ਹੋਏ ਸੀ, ਇਨ੍ਹਾਂ ਪੈਸਿਆਂ ਨੂੰ ਵਾਪਸ ਕਰਨ ਲਈ ਆਪਣੀ ਮਾਸੀ ਦੀ ਲੜਕੀ ਅਮਰਜੀਤ ਕੌਰ ਨਾਲ ਅਗੌਧ ਜਾ ਰਿਹਾ ਸੀ। ਅਮਰਜੀਤ ਕੌਰ ਦੀ ਲੜਕੀ ਗੁਰਨੂਰ ਕੌਰ ਜੋ ਕਿ ਅਕਾਲ ਅਕੈਡਮੀ ਬਲਬੇੜਾ ਵਿਖੇ ਪੜ੍ਹਦੀ ਹੈ, ਜੋ ਰਸਤੇ ਵਿੱਚ ਅਮਰਜੀਤ ਕੌਰ ਨੇ ਆਪਣੀ ਲੜਕੀ ਦੀ ਫ਼ੀਸ ਭਰਨ ਲਈ ਮੁੱਦਈ ਮਲਕੀਤ ਸਿੰਘ ਨੂੰ ਅਕਾਲ ਅਕੈਡਮੀ ਬਲਬੇੜਾ ਵਿਖੇ ਜਾਣ ਲਈ ਕਿਹਾ ਤਾਂ ਇਹ ਦੋਵੇਂ ਕਾਰ ਨੂੰ ਅਕਾਲ ਅਕੈਡਮੀ ਦੇ ਬਾਹਰ ਪਾਰਕ ਕਰਕੇ ਫ਼ੀਸ ਭਰਨ ਲਈ ਸਕੂਲ ਦੇ ਅੰਦਰ ਚਲੇ ਗਏ, ਇਸੇ ਦਰਮਿਆਨ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਮੁੱਦਈ ਦੀ ਗੱਡੀ ਵਿੱਚੋਂ 8 ਲੱਖ 25 ਹਜ਼ਾਰ ਰੁਪਏ ਦੀ ਲੁੱਟ ਕਰ ਲਈ ਗਈ ਸੀ। 
ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਐਸ.ਪੀ.(ਡੀ) ਡਾ: ਮਹਿਤਾਬ ਸਿੰਘ, ਡੀ.ਐਸ.ਪੀ. (ਡੀ) ਅਜੈਪਾਲ ਸਿੰਘ, ਡੀ.ਐਸ.ਪੀ. (ਦਿਹਾਤੀ) ਸੁਖਮਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਮਨਪ੍ਰੀਤ ਸਿੰਘ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੇਸ ਦੀ ਡੁੰਘਾਈ ਨਾਲ ਕੀਤੀ ਗਈ ਤਫ਼ਤੀਸ਼ ਦੌਰਾਨ ਕੁੱਝ ਅਹਿਮ ਸਬੂਤ ਹੱਥ ਲੱਗੇ ਕਿ ਇਹ ਵਾਰਦਾਤ ਮੁੱਦਈ ਦੀ ਮਾਸੀ ਦੀ ਲੜਕੀ ਅਮਰਜੀਤ ਕੌਰ ਨੇ ਹੀ ਕਰਵਾਈ ਹੈ। ਅਮਰਜੀਤ ਕੌਰ ਕਾਫ਼ੀ ਦੇਰ ਤੋ ਗੁਰਜੀਤ ਸਿੰਘ ਉਰਫ਼ ਸੋਨੂੰ ਜੋ ਕਿ ਫ਼ੌਜ ਵਿੱਚ ਨੌਕਰੀ ਕਰਦਾ ਹੈ, ਦੇ ਸੰਪਰਕ ਵਿੱਚ ਸੀ ਅਤੇ ਗੁਰਜੀਤ ਸਿੰਘ ਨੇ ਹੀ ਆਪਣੇ 2 ਹੋਰ ਸਾਥੀਆਂ ਲਖਦੀਪ ਸਿੰਘ ਉਰਫ਼ ਲੱਖੀ ਅਤੇ ਰਸ਼ਪਿੰਦਰ ਸਿੰਘ ਨਾਲ ਮਿਲਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਐਸ.ਐਸ.ਪੀ. ਨੇ ਦੱਸਿਆ ਕਿ 21 ਦਸੰਬਰ 2021 ਨੂੰ ਦੋਸ਼ੀ ਗੁਰਜੀਤ ਸਿੰਘ, ਲਖਦੀਪ ਸਿੰਘ ਅਤੇ ਅਮਰਜੀਤ ਕੌਰ ਨੂੰ ਬਲਬੇੜਾ ਦੇ ਨੇੜੇ ਤੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋਂ 6 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਗੁਰਜੀਤ ਸਿੰਘ ਪਾਸੋਂ ਇਕ ਏਅਰ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋ ਇਲਾਵਾ ਜਿਸ ਬਲੈਨੋ ਕਾਰ ਵਿੱਚ ਇਨ੍ਹਾਂ ਨੇ ਇਹ ਵਾਰਦਾਤ ਕੀਤੀ ਸੀ, ਵੀ ਬਰਾਮਦ ਕਰ ਲਈ ਗਈ ਹੈ ਇਹ ਬਲੈਨੋ ਕਾਰ ਵੀ ਦੋਸ਼ੀ ਗੁਰਜੀਤ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਪਿਹੋਵਾ (ਹਰਿਆਣਾ) ਤੋ ਚੋਰੀ ਕੀਤੀ ਸੀ। ਜਿਸ ਸਬੰਧੀ ਥਾਣਾ ਸਿਟੀ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਦੋਸ਼ੀ ਗੁਰਜੀਤ ਸਿੰਘ ਉਰਫ਼ ਸੋਨੂੰ ਉਕਤ ਮਹਿਕਮਾ ਫ਼ੌਜ ਤੋ ਗ਼ੈਰਹਾਜ਼ਰ ਚੱਲਿਆ ਆ ਰਿਹਾ ਹੈ।
ਇਨ੍ਹਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਭਗੌੜੇ ਸਾਥੀ ਰਸ਼ਪਿੰਦਰ ਸਿੰਘ ਉਕਤ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।