ਕਿਰਤੀ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ


ਨਵਾਂਸ਼ਹਿਰ 4 ਜਨਵਰੀ (ਐਨ ਟੀ) ਸੰਗਰੂਰ ਪੁਲਸ ਵਲੋਂ ਬੀਤੇ ਕੱਲ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ।ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਚੰਡੀਗੜ੍ਹ ਰੋਡ ਸਾਹਮਣੇ ਪੁਤਲਾ ਫੂਕਣ ਉਪ੍ਰੰਤ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ ,ਗੁਰਬਖਸ਼ ਕੌਰ ਸੰਘਾ, ਪਰਮਜੀਤ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ ਨੇ ਆਖਿਆ ਕਿ ਘਿਰਾਓ ਕਰਨਾ ਜਥੇਬੰਦੀਆਂ ਦਾ ਸੰਵਿਧਾਨਕ ਹੱਕ  ਹੈ ਜਿਸਦੀ ਵਰਤੋਂ ਕਰਦਿਆਂ ਕਿਸਾਨ ਸੰਗਰੂਰ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦਾ ਘਿਰਾਓ ਕਰ ਰਹੇ ਸਨ ਪਰ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕਰ ਦਿੱਤਾ ।ਉਹਨਾਂ ਕਿਹਾ ਕਿ ਇਸ ਪੁਲਸ ਲਾਠੀਚਾਰਜ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਰਾਹ ਉੱਤੇ ਤਕਰ ਪਈ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜਬਰ ਦੇ ਸਹਾਰੇ ਦਬਾਇਆ ਨਹੀਂ ਜਾ ਸਕਦਾ ।ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਗਏ ਕਿਸਾਨਾਂ ਉੱਤੇ ਪੁਲਸ ਵਲੋਂ ਧਾਰਾ 307 ਤਹਿਤ ਕੇਸ ਦਰਜ ਕਰਨਾ ਵੀ ਪੰਜਾਬ ਸਰਕਾਰ ਦੀ ਮਣਸ਼ਾ ਨੂੰ ਸਪੱਸ਼ਟ ਕਰਦਾ ਹੈ ।ਇਸ ਮੌਕੇ ਹਰੀ ਰਾਮ ਰਸੂਲਪੁਰੀ, ਗੁਰਦਿਆਲ ਰੱਕੜ, ਅਜੈਬ ਸਿੰਘ ਅਸਮਾਨ ਪੁਰ, ਹਰਬੰਸ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਮੀਰਪੁਰ ਆਗੂ ਵੀ ਮੌਜੂਦ ਸਨ ।