ਕਿਰਤੀ ਕਿਸਾਨ ਯੂਨੀਅਨ ਕਿਸਾਨ ਔਰਤਾਂ ਨੂੰ ਕਰੇਗੀ ਜਥੇਬੰਦ , ਮੀਟਿੰਗ ਕਰਕੇ ਔਰਤਾਂ ਨੂੰ ਕਿਸਾਨੀ ਘੋਲ ਵਿਚ ਸਰਗਰਮ ਕਰਨ ਦਾ ਲਿਆ ਫੈਸਲਾ


ਨਵਾਂਸ਼ਹਿਰ 4 ਜਨਵਰੀ(ਐਨ ਟੀ) ਕਿਰਤੀ ਕਿਸਾਨ ਯੂਨੀਅਨ ਨੇ ਮੌਜੂਦਾ ਕਿਸਾਨੀ ਘੋਲ ਨੂੰ ਘਰਾਂ ਦੀਆਂ ਰਸੋਈਆਂ ਤੱਕ ਪੁੱਜਦਾ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸਦੇ ਲਈ ਇਹ ਯੂਨੀਅਨ ਦੀਆਂ ਪਿੰਡਾਂ ਵਿਚ ਇਸਤਰੀ ਕਿਸਾਨਾਂ ਦੀਆਂ ਇਕਾਈਆਂ ਬਣਾ ਰਹੀ ਹੈ । ਇਸ ਅਮਲ ਨੂੰ ਤਿਖੇਰਾ ਕਰਨ ਲਈ ਅੱਜ ਬੀਬੀ ਗੁਰਬਖਸ਼ ਕੌਰ ਸੰਘਾ ਨੇ ਇੱਥੇ ਔਰਤਾਂ ਦੀ ਮੀਟਿੰਗ ਕੀਤੀ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਸੰਘਾ ਨੇ ਆਖਿਆ ਕਿ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਕਿਸਾਨੀ ਦੇ ਮੌਜੂਦਾ ਘੋਲ ਨੂੰ ਜਿੱਤ ਤੱਕ ਪਹੁਚਾਉਣਾ ਔਖਾ ਹੈ । ਔਰਤਾਂ ਦੀ ਸ਼ਕਤੀ ਨੂੰ ਕਿਸੇ ਤਰ੍ਹਾਂ ਵੀ ਘਟਾਕੇ ਨਹੀਂ ਦੇਖਿਆ ਜਾਣਾ ਚਾਹੀਦਾ । ਇਸਤਰੀ ਆਗੂਆਂ ਪਿੰਡਾਂ ਵਿਚ ਟੀਮਾਂ ਬਣਾਕੇ ਜਾਣਗੀਆਂ, ਮੀਟਿੰਗਾਂ ਕਰਾਕੇ ਔਰਤਾਂ ਨੂੰ ਇਸ ਘੋਲ ਦਾ ਸਰਗਰਮ ਹਿੱਸਾ ਬਣਾਉਣਗੀਆਂ, ਪਿੰਡਾਂ ਵਿਚ ਕਿਸਾਨ ਔਰਤਾਂ ਦੀਆਂ ਇਕਾਈਆਂ ਬਣਾਉਣਗੀਆਂ ਤਾਂ ਕਿ ਸਮਾਜ ਦੀ ਇਸ ਅੱਧੀ ਵਸੋਂ ਨੂੰ ਇਸ ਘੋਲ ਦੀ ਜਥੇਬੰਦਕ ਸ਼ਕਤੀ ਵਜੋਂ ਸਰਗਰਮ ਕੀਤਾ ਜਾ ਸਕੇ ।ਇਸ ਮੀਟਿੰਗ ਵਿਚ ਸੁਰਜੀਤ ਕੌਰ ਉਟਾਲ,ਬਲਵਿੰਦਰ ਕੌਰ, ਹਰਬੰਸ ਕੌਰ, ਰਾਜਵਿੰਦਰ ਕੌਰ, ਗਗਨਦੀਪ ਕੌਰ ਇਸਤਰੀ ਆਗੂ ਵੀ ਮੌਜੂਦ ਸਨ ।