ਸਟੇਸ਼ਨ ਵਿਖੇ ਹੋਏ ਸਮਾਗਮ ਦੌਰਾਨ 1971 ਜੰਗ ਦੇ ਵੀਰ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਕੀਤਾ ਗਿਆ ਸਨਮਾਨ

ਨਾਭਾ ਮਿਲਟਰੀ
ਨਾਭਾ, 3 ਜਨਵਰੀ: (ਐਨ ਟੀ ਟੀਮ) 1971 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ 'ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਫ਼ੈਸਲਾਕੁਨ ਜਿੱਤ ਮਨਾਉਣ ਅਤੇ ਇਸ ਜੰਗ ਦੇ 50 ਸਾਲ ਸ਼ੁਰੂ ਹੋਣ ਦੇ ਅਫ਼ਸਰ 'ਤੇ ਨਾਭਾ ਮਿਲਟਰੀ ਸਟੇਸ਼ਨ ਵੱਲੋਂ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਾਭਾ ਮਿਲਟਰੀ ਸਟੇਸ਼ਨ ਵਿਖੇ ਪੁੱਜੀ 'ਵਿਜੈ ਮਸ਼ਾਲ' ਤੋਂ ਬਾਅਦ ਏਰਾਵਤ ਡਵੀਜ਼ਨ ਵੱਲੋਂ ਸੰਗਰੂਰ ਅਤੇ ਨਾਭਾ ਦੇ ਵੀਰ ਸੈਨਿਕਾਂ ਦਾ ਸਨਮਾਨ ਕੀਤਾ ਗਿਆ। ਸਮਾਗਮਾਂ ਦੀ ਲੜੀ ਤਹਿਤ ਨਾਭਾ ਮਿਲਟਰੀ ਸਟੇਸ਼ਨ ਵਿਖੇ ਹੋਏ ਅੱਜ ਗਾਰਡ ਆਫ਼ ਆਨਰ ਤੋਂ ਬਾਅਦ ਵੀਰ ਨਾਰੀਆਂ ਅਤੇ ਵੀਰ ਸੈਨਿਕਾਂ ਦਾ ਸਨਮਾਨ ਕੀਤਾ ਗਿਆ ਅਤੇ 1971 ਜੰਗ ਦੌਰਾਨ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਦਿਖਾਈ ਬਹਾਦਰੀ ਦੇ ਕਿੱਸਿਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਕਮਾਂਡਰ ਪ੍ਰਥਮ ਬ੍ਰਿਗੇਡ ਨੇ ਆਏ ਵੀਰ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਵਿਜੈ ਮਸ਼ਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 16 ਦਸੰਬਰ 2020 ਨੂੰ 'ਰਾਸ਼ਟਰੀ ਵਾਰ ਮੈਮੋਰੀਅਲ', ਨਵੀਂ ਦਿੱਲੀ ਵਿਜੈ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਲਈ ਰਵਾਨਾ ਕੀਤੀ ਸੀ, ਇਹ ਵਿਜੈ ਮਸ਼ਾਲ ਮੇਰਠ, ਦੇਹਰਾਦੂਨ, ਅੰਬਾਲਾ ਅਤੇ ਪਟਿਆਲਾ ਤੋਂ ਹੁੰਦੇ ਹੋਏ ਨਾਭਾ ਮਿਲਟਰੀ ਸਟੇਸ਼ਨ ਪਹੁੰਚੀ ਹੈ ਅਤੇ 12 ਜਨਵਰੀ ਨੂੰ ਵਿਜੈ ਮਸ਼ਾਲ ਚੰਡੀ ਮੰਦਰ ਲਈ ਰਵਾਨਾ ਕੀਤੀ ਜਾਵੇਗੀ।