ਪਟਿਆਲਾ, 4 ਜਨਵਰੀ: (ਐਨ ਟੀ) ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਹੈ ਕਿ ਰਾਜ ਅੰਦਰ ਸੜਕਾਂ 'ਤੇ ਘੁੰਮਦੇ ਗਊਧਨ ਨੂੰ ਬਹੁਤ ਜਲਦ ਗਊਸ਼ਾਲਾਵਾਂ 'ਚ ਪਹੁੰਚਾਇਆ ਜਾਵੇਗਾ, ਜਿਸ ਨਾਲ ਜਿੱਥੇ ਗਊਧਨ ਦੀ ਸੰਭਾਲ ਹੋਵੇਗੀ, ਉਥੇ ਹੀ ਸੜਕਾਂ 'ਤੇ ਅਚਨਚੇਤ ਵਾਪਰਦੇ ਹਾਦਸਿਆਂ ਤੋਂ ਵੀ ਰਾਹਤ ਮਿਲੇਗੀ। ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ-6 ਸਕੀਮ ਤਹਿਤ ਗ਼ੈਰ ਸਰਕਾਰੀ ਸੰਸਥਾਵਾਂ (ਸਮਾਜਿਕ ਸੰਗਠਨਾਂ) ਵੱਲੋਂ ਚਲਾਈਆਂ ਜਾ ਰਹੀਆਂ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਗਊਸ਼ਾਲਾਵਾਂ ਦੇ ਸ਼ੈਡਾਂ ਲਈ 258.75 ਲੱਖ ਰੁਪਏ ਜਾਰੀ ਕੀਤੇ ਹਨ ਤਾਂ ਕਿ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਬਿਹਤਰ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪ੍ਰਾਪਤ ਕਰਨ ਲਈ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ 29 ਜਨਵਰੀ 2021 ਤੱਕ ਬਿਨੈ ਪੱਤਰ ਭੇਜਿਆ ਜਾ ਸਕਦਾ ਹੈ। ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਸੜਕਾਂ 'ਤੇ ਘੁੰਮਦੇ ਬੇਸਹਾਰਾ ਗਊਧਨ ਦੀ ਸੰਭਾਲ ਲਈ ਗਊ ਸੇਵਾ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਗਊਸ਼ਾਲਾਵਾਂ 'ਚ ਰੱਖੇ ਗਊਧਨ ਦੀ ਟੈਗਿੰਗ ਸ਼ੁਰੂ ਕੀਤੀ ਹੈ ਜਿਸ ਨਾਲ ਸੜਕਾਂ 'ਤੇ ਆਉਣ ਵਾਲੇ ਪਸ਼ੂ ਦੀ ਪਛਾਣ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਗਊਧਨ ਦੀ ਸੇਵਾ ਸੰਭਾਲ ਲਈ ਪੰਜਾਬ ਸਰਕਾਰ ਦੇ ਉਦਮ ਸਦਕਾ ਹੁਣ ਤੱਕ 2.32 ਕਰੋੜ ਰੁਪਏ ਦੀ ਰਾਸ਼ੀ ਖ਼ਰਚੀ ਗਈ ਹੈ। ਜਦੋਂਕਿ ਕੋਵਿਡ-19 ਮਹਾਂਮਾਰੀ ਦੌਰਾਨ ਗਊਧਨ ਦੀ ਸੇਵਾ ਸੰਭਾਲ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ, ਜਿਸ ਕਰਕੇ ਗਊ ਧਨ ਦੀ ਸੇਵਾ ਕਰਨ ਵਾਲਿਆਂ ਨੂੰ ਕੋਵਿਡ-ਵਾਰੀਅਰਜ਼ ਦੇ ਪ੍ਰਸੰਸਾ ਪੱਤਰ ਵੀ ਵੰਡੇ ਗਏ। ਸ੍ਰੀ ਸ਼ਰਮਾ ਨੇ ਹੋਰ ਦੱਸਿਆ ਗਊ ਸੇਵਾ ਕਮਿਸ਼ਨ ਵੱਲੋਂ ਗਊ ਚਕਿਤਸਾ ਭਲਾਈ ਕੈਂਪ ਪੰਜਾਬ ਭਰ ਦੀਆਂ ਗਊਸ਼ਾਲਾਵਾਂ 'ਚ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ 'ਤੇ ਹੋਰ ਗਊਸ਼ਾਲਾਵਾਂ ਦੇ ਨਿਰਮਾਣ ਦੀ ਤਜਵੀਜ ਹੈ ਤਾਂ ਕਿ ਬੇਸਹਾਰਾ ਗਊਧਨ ਦੀ ਸੰਭਾਂਲ ਬਿਹਤਰ ਢੰਗ ਨਾਲ ਹੋ ਸਕੇ ਅਤੇ ਸੜਕਾਂ 'ਤੇ ਫਿਰਦੇ ਬੇਸਹਾਰਾ ਗਊਧਨ ਕਰਕੇ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਸ੍ਰੀ ਸ਼ਰਮਾ ਨੇ ਹੋਰ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਰਾਸ਼ਟਰੀ ਕਾਮਧੇਨੂੰ ਆਯੋਗ ਨਵੀਂ ਦਿੱਲੀ ਨੇ ਵੀ ਪ੍ਰਸ਼ੰਸਾ ਪੱਤਰ ਦਿੱਤਾ ਹੈ। ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਅੱਗੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੱਲੋਂ ਸਾਰੇ ਗਊਧਨ ਨੂੰ ਸੜਕਾਂ ਤੋਂ ਮੁਕਤ ਕਰਵਾ ਕੇ ਗਊਸ਼ਾਲਾਵਾਂ 'ਚ ਪਹੁੰਚਾਉਣ ਅਤੇ ਇਨ੍ਹਾਂ ਦੇ ਰੱਖ-ਰਖਾਅ, ਸਾਫ਼ ਪਾਣੀ, ਹਰਾ ਚਾਰਾ, ਦਵਾਈਆਂ ਆਦਿ ਦੇ ਪ੍ਰਬੰਧ ਕਰਨ ਸਮੇਤ ਹੋਰ ਸਹੂਲਤਾਂ ਉਪਲਬੱਧ ਕਰਵਾਉਣ ਵੱਲ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਇਨ੍ਹਾਂ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਦਾ ਕਾਰਜ ਜੋਰਾਂ 'ਤੇ ਹੈ।
ਫੋਟੋ ਕੈਪਸ਼ਨ-ਚੇਅਰਮੈਨ ਸ਼੍ਰੀ ਸਚਿਨ ਸ਼ਰਮਾ ਗੱਲਬਾਤ ਕਰਦੇ ਹੋਏ।