ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਰਕਾਰੀ ਕਾਲਜ ਜਾਡਲਾ ਵਿੱਚ ਰੁੱਖ ਲਾਉਣ ਦੀ ਸ਼ੁਰੂਆਤ

ਕਾਲਜ ਦੀ ਚਾਰਦੀਵਾਰੀ 'ਚ 150 ਫ਼ਲਦਾਰ, ਛਾਂ-ਦਾਰ ਤੇ ਸਜਾਵਟੀ ਰੁੱਖ ਲਾਏ ਜਾਣਗੇ
ਨਵਾਂਸ਼ਹਿਰ, 3 ਅਗਸਤ :  ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ (ਨਵਾਂਸ਼ਹਿਰ) ਵਿਖੇ ਅੱਜ 'ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ' ਅਧੀਨ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਲਹਿਰ ਤਹਿਤ ਕਾਲਜ ਵਿਚ 150 ਦੇ ਕਰੀਬ ਛਾਂ-ਦਾਰ ਰੁੱਖ ਜਿਵੇਂ ਨਿੰਮ, ਪਿੱਪਲ, ਬੋਹੜ, ਫ਼ਲਦਾਰ ਰੁੱਖ ਜਿਵੇਂ ਅੰਬ, ਨਿੰਬੂ, ਆਂਵਲਾ, ਸਜਾਵਟੀ ਰੁੱਖ ਜਿਵੇਂ ਸਿਲਵਰ ਓਕ, ਪਾਮ ਦੇ ਦਰੱਖਤ ਅਤੇ ਫੁੱਲਾਂ ਵਾਲੇ ਬੂਟੇ ਵੀ ਲਾਏ ਜਾਣਗੇ।
ਪਿ੍ਰੰਸੀਪਲ ਜਤਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਹ ਮੁਹਿੰਮ ਪੰਜਾਬ ਵਿੱਚ ਵਣ ਛੱਤਰੀ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਦੇਵੇਗੀ। ਉਨ੍ਹਾਂ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਰੁੱਖ ਮਨੁੱਖ ਲਈ ਕੁਦਰਤ ਦੀ ਬਹੁਮੁਲੀ ਦਾਤ ਹਨ। ਸਾਡੀ ਰੋਜ਼ਾਨਾ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਕੁਦਰਤ ਵੱਲੋਂ ਬਖਸ਼ੇ ਇਨ੍ਹਾਂ ਰੁੱਖਾਂ 'ਤੇ ਹੀ ਨਿਰਭਰ ਕਰਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਜਿੱਥੇ ਸਾਡੀ ਕੱੁਲੀ-ਗੁੱਲੀ-ਜੁੱਲੀ ਦੀ ਜ਼ਰੂਰਤ ਨੂੰ ਪੂਰੀ ਕਰਦੇ ਹਨ ੳੱੁਥੇ ਹੀ ਇਹ ਵਰਖਾ ਲਿਆਉਣ ਵਿਚ ਸਹਾਈ ਹੁੰਦੇ ਹਨ, ਮੀਂਹ ਦੇ ਪਾਣੀ ਤੋਂ ਧਰਤੀ ਦੇ ਖੋਰੇ ਨੂੰ ਬਚਾਉਂਦੇ ਹਨ, ਹੜ੍ਹ ਆਉਣ ਤੋਂ ਰੋਕਦੇ ਹਨ, ਮੀਂਹ ਦੇ ਵਾਧੂ ਪਾਣੀ ਨੂੰ ਵੀ ਸੋਖਦੇ ਹਨ। ਰੁੱਖਾਂ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਨੂੰ ਸਾਫ਼ ਤੇ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ। ਇਹ ਗੰਦੀ ਹਵਾ ਵਿਚੋਂ ਕਾਰਬਨ ਡਾਈਅਕਸਾਈਡ ਸੋਖ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਜੋ ਕਿ ਹਰ ਮਨੁੱਖ, ਜੀਵ ਜੰਤੂ ਅਤੇ ਪਸ਼ੂ-ਪੰਛੀ ਦੇ ਜੀਵਨ ਦਾ ਅਧਾਰ ਹੈ। ਉਨ੍ਹਾਂ ਨੇ ਕਾਲਜ ਵਿੱਚ ਇਸ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਡਵੀਜ਼ਨਲ ਵਣ ਅਫ਼ਸਰ ਸਤਿੰਦਰ ਸਿੰਘ ਅਤੇ ਰੇਂਜ ਅਫ਼ਸਰ ਰਵੀ ਦੱਤ ਵੱਲੋਂ ਦਿੱਤੇ ਸਹਿਯੋਗ ਅਤੇ ਰੁੱਖ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਅੱਜ ਤੋਂ ਸ਼ੁਰੂ ਹੋਈ ਇਸ ਮੁਹਿੰਮ ਨੂੰ ਮੁਕੰਮਲ ਕਰਨ, ਲਾਏ ਗਏ ਪੌਦਿਆਂ ਦੀ ਸੰਭਾਲ ਕਰਵਾਉਣ ਲਈ ਕਾਲਜ ਦੀ ਅਧਿਆਪਿਕਾ ਪ੍ਰੀਆ ਬਾਵਾ ਨੂੰ ਕਨਵੀਨਰ ਲਾਇਆ ਗਿਆ ਹੈ ਜੋ ਕਿ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਨ੍ਹਾਂ ਰੁੱਖਾਂ ਦੀ ਸੰਭਾਲ ਕਰਨਗੇ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਪ੍ਰੋ. ਸੋਨੀਆ, ਪ੍ਰੋ. ਨੇਹਾ, ਪ੍ਰੋ. ਹਰਜੀਤ ਕੌਰ, ਪ੍ਰੋ. ਪਰਮਜੀਤ ਕੌਰ, ਡਾ. ਬਲਜੀਤ ਕੌਰ, ਪ੍ਰੋ. ਜਸਵਿੰਦਰ ਰੱਲ੍ਹ ਅਤੇ ਪ੍ਰੋ. ਹਰਿੰਦਰਜੀਤ ਸਿੰਘ ਵੀ ਹਾਜ਼ਰ ਸਨ।