ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸਕੂਲ ਕਰੀਹਾ ਵਿਖੇ ਵਿਦਿਆਰਥੀਆਂ ਨੂੰ ਬਾਲ ਹੈਲਪਲਾਈਨ 1098 ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਹੈਲਪ ਲਾਈਨ 1968 ਬਾਰੇ ਜਾਣਕਾਰੀ ਦਿੱਤੀ

ਨਵਾਂਸ਼ਹਿਰ, 3 ਅਗਸਤ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਕਰੀਹਾ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।  
ਸਮਾਗਮ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ ਜੇ ਐਮ ਕਮਲਦੀਪ ਸਿੰਘ ਧਾਲੀਵਾਲ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਕਾਨੂੰਨੀ ਸਾਖਰਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ (ਵਿਦਿਆਰਥੀਆਂ ਦੇ ਪਰਿਵਾਰ 'ਚੋਂ ਵੀ) ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਵਾਂਸ਼ਹਿਰ ਕਚਹਿਰੀਆਂ 'ਚ ਸਥਿਤ ਦਫ਼ਤਰ ਜਾਂ ਟੈਲੀਫੋਨ ਨੰਬਰ 01823-223511 ਅਤੇ ਪੰਜਾਬ ਸਟੇਟ ਲੀਗਲ ਸਰਵਿਸਜ਼ ਦੇ ਟੋਲ ਫ੍ਰੀ ਨੰਬਰ 1968 'ਤੇ  ਸੰਪਰਕ ਕਰਕੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਅਨੁਸੂੀਚਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ/ਬੱਚੇ, ਮਾਨਸਿਕ ਰੋਗੀ/ਦਿਵਿਆਂਗ, ਜੇਲ੍ਹਾਂ 'ਚ ਬੰਦ ਹਵਾਲਾਤੀ/ਕੈਦੀ/ਹਿਰਾਸਤ 'ਚ ਵਿਅਕਤੀ, ਬੇਗਾਰ ਦੇ ਮਾਰੇ, ਵੱਡੀ ਮੁਸੀਬਤ/ਕੁਦਰਤੀ ਆਫ਼ਤ ਦੇ ਮਾਰੇ, ਉਦਯੋਗਿਕ ਕਾਮੇ ਅਤੇ ਹਰ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ 3 ਲੱਖ ਤੋਂ ਵੱਧ ਨਾ ਹੋਵੇ, ਨੂੰ ਮਿਲ ਸਕਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ  ਸੋਸ਼ਣ ਤੋਂ ਬਚਾਉਣ ਲਈ ਬਣਾਏ ਗਏ 'ਪੋਕਸੋ ਐਕਟ-2012' ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਵਿੱਚ ਚਾਈਲਡ ਹੈਲਪ ਲਾਈਨ ਨੰਬਰ 1098, ਪੁਲਿਸ ਹੈਲਪ ਲਾਈਨ 100, 112 ਬਾਰੇ ਵੀ ਜਾਣਕਾਰੀ ਦਿੱਤੀ। ਸੀ ਜੇ ਐਮ ਧਾਲੀਵਾਲ ਨੇ 13 ਅਗਸਤ ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਮਾਪਿਆਂ 'ਚੋਂ ਕਿਸੇ ਦਾ ਅਦਾਲਤ ਵਿੱਚ ਕੋਈ ਕੇਸ ਚੱਲ ਰਿਹਾ ਹੈ ਜਾਂ ਅਦਾਲਤੀ ਪ੍ਰਕਿਰਿਆ 'ਚ ਜਾਣ ਦੇ ਪੜਾਅ 'ਤੇ ਹੈ ਤਾਂ ਉਹ ਆਪਣਾ ਕੇਸ ਉਕਤ ਮਿਤੀ ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਵਿੱਚ ਲਗਵਾ ਕੇ ਵੀ ਹੱਲ ਕਰਵਾ ਸਕਦੇ ਹਨ। ਇਸ ਮੌਕੇ ਸਕੂਲ ਪਿ੍ਰੰਸੀਪਲ ਰਣਜੀਤ ਕੌਰ ਤੇ ਸਮੂਹ ਸਟਾਫ਼ ਵੀ ਮੌਜੂਦ ਸਨ।