ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ = ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚ ਇੱਕ ਲੱਖ ਦੇ ਕਰੀਬ ਪੌਦੇ ਲਾਏ ਗਏ

400 ਤਿ੍ਰਵੈਣੀਆਂ ਸਕੂਲਾਂ ਤੇ ਹੋਰਨਾਂ ਸਾਂਝੀਆਂ ਥਾਂਵਾਂ 'ਤੇ ਲਾਈਆਂ
ਡੀ ਸੀ ਰੰਧਾਵਾ ਨੇ ਰਾਏਪੁਰ ਵਿਖੇ ਤਿ੍ਰਵੈਣੀ ਲਾ ਕੇ ਮੁਹਿੰਮ ਨੂੰ ਕੀਤਾ ਉਤਸ਼ਾਹਿਤ
ਨਵਾਂਸ਼ਹਿਰ, 3 ਅਗਸਤ, - ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਦੇ ਹਰੇਕ ਹਲਕੇ 'ਚ 50 ਹਜ਼ਾਰ ਬੂਟੇ ਅਤੇ 115 ਤਿ੍ਰਵੈਣੀਆਂ ਲਾਉਣ ਦੀ ਲੜੀ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਹੁਣ ਤੱਕ ਇੱਕ ਲੱਖ ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ ਅਤੇ 400 ਤਿ੍ਰਵੈਣੀਆਂ ਲਾਈਆਂ ਗਈਆਂ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਪਿੰਡ ਰਾਏਪੁਰ ਸੁਰੱਖਿਅਤ ਵਣ ਵਿਖੇ ਇਸ ਮੁਹਿੰਮ ਤਹਿਤ ਤਿ੍ਰਵੈਣੀ ਲਾਉਣ ਉਪਰੰਤ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਵਿੱਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਐਲਾਨੇ ਜਾਣ ਬਾਅਦ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਪਹਿਲੀ ਜੁਲਾਈ ਤੋਂ ਇਸ ਮੁਹਿੰਮ ਤਹਿਤ ਪੌਦੇ ਲਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੌਦੇ ਗਰਾਮ ਪੰਚਾਇਤਾਂ, ਵਿਦਿਅਕ ਸੰਸਥਾਂਵਾਂ ਅਤੇ ਸੜਕਾਂ ਕੰਢੇ ਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨਾਂ 'ਚ ਪ੍ਰਤੀ ਹਲਕਾ 50 ਹਜ਼ਾਰ ਪੌਦੇ ਅਤੇ 115 ਤਿ੍ਰਵੈਣੀਆਂ ਲਾਈਆਂ ਜਾਣੀਆਂ ਸਨ। ਉਨਾਂ ਵਣ ਮੰਡਲ ਨਵਾਂਸ਼ਹਿਰ ਵੱਲੋਂ ਪੌਦੇ ਲਾਉਣ ਵਿੱਚ ਦਿਖਾਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਸਤ ਦੇ ਅਖੀਰ ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਡੀ ਸੀ ਰੰਧਾਵਾ ਨੇ ਕਿਹਾ ਕਿ ਮੁਹਿੰਮ ਨੂੰ ਹੁਲਾਰਾ ਦੇਣ ਅਤੇ ਸਫ਼ਲ ਬਣਾਉਣ ਲਈ ਉਹ ਖੁਦ ਵੀ ਕਈ ਥਾਂਈਂ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਰੁੱਖਾਂ ਅਤੇ ਵਣਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਸਕੂਲਾਂ ਵਿੱਚ ਲਾਏ ਜਾ ਰਹੇ ਰੁੱਖਾਂ ਦੀ ਵਿਦਿਆਰਥੀਆਂ ਨਾਲ ਸਾਂਝ ਪੁਆਉਣ ਲਈ, ਇੱਕ ਰੁੱਖ ਇੱਕ ਵਿਦਿਆਰਥੀ ਨੂੰ ਸੌਂਪਣ ਦੀ ਮੁਹਿੰਮ ਵੀ ਚਲਾਈ ਗਈ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀ ਪੌਦਿਆਂ ਦੀ ਕਿਸਮਾਂ ਤੋਂ ਜਾਣੂ ਹੋਣਗੇ, ਉੱਥੇ ਉਨਾਂ ਵਿੱਚ ਕੁਦਰਤ ਪ੍ਰਤੀ ਪ੍ਰੇਮ ਅਤੇ ਵਾਤਾਵਰਣ ਸੰਭਾਲ ਪ੍ਰਤੀ ਚਿੰਤਾ ਵੀ ਬਣੇਗੀ।
ਇਸ ਮੌਕੇ ਮੌਜੂਦ ਮੰਡਲ ਵਣ ਅਫ਼ਸਰ ਨਵਾਂਸ਼ਹਿਰ, ਸਤਿੰਦਰ ਸਿੰਘ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਵਿਦਿਅਕ ਅਦਾਰਿਆਂ, ਗਰਾਮ ਪੰਚਾਇਤਾਂ ਅਤੇ ਐਨ ਜੀ ਓਜ਼ ਨਾਲ ਤਾਲਮੇਲ ਕਰਕੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਨੂੰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨੇਪਰੇ ਚਾੜਿਆ ਜਾ ਰਿਹਾ ਹੈ ਅਤੇ ਤਿ੍ਰਵੈਣੀ ਵਿੱਚ ਪਿੱਪਲ, ਬੋਹੜ ਤੇ ਨਿੰਮ ਤੋਂ ਇਲਾਵਾ ਹੋਰਨਾਂ ਬੂਟਿਆਂ ਵਿੱਚ ਛਾਂ-ਦਾਰ, ਫ਼ੱਲਦਾਰ ਅਤੇ ਫ਼ੱੁਲਦਾਰ ਬੂਟੇ ਲਾਉਣੇ ਇਸ ਮੁਹਿੰਮ ਦਾ ਹਿੱਸਾ ਬਣਿਆ ਹੈ। ਇਸ ਮੌਕੇ ਕਾਠਗੜ ਦੇ ਵਣ ਰੇਂਜ ਅਫ਼ਸਰ ਸੁਨੀਲ ਕੁਮਾਰ ਅਤੇ ਬਲਾਚੌਰ ਦੇ ਵਣ ਰੇਂਜ ਅਫ਼ਸਰ ਰਘਬੀਰ ਸਿੰਘ ਵੀ ਮੌਜੂਦ ਸਨ।
 ਫ਼ੋਟੋ ਕੈਪਸ਼ਨ:
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਰਾਏਪੁਰ ਸੁਰੱਖਿਅਤ ਵਣ ਵਿਖੇ ਤਿ੍ਰਵੈਣੀ ਲਾਉਂਦੇ ਹੋਏ