ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਪ੍ਰਚਾਰ ਕੀਤਾ


ਨਵਾਂਸ਼ਹਿਰ 2 ਮਈ:- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ ਨੂੰ ਅੱਜ ਹੋਰ ਵੀ ਹੁੰਗਾਰਾ ਮਿਲਿਆ ਜਦੋਂ ਛੁੱਟੀ ਵਾਲੇ ਦਿਨ ਵੀ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ(ਰਜਿ) ਸੜੋਆ ਦੇ ਮੈਂਬਰਾਂ ਨੇ ਗੁਰਦਿਆਲ ਸਿੰਘ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮਾਪਿਆ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਅਜੀਤ ਰਾਮ ਖੈਤਾਨ ਅਤੇ ਸੁਸਾਇਟੀ ਪ੍ਰਧਾਨ ਨਾਜ਼ਰ ਰਾਮ ਮਾਨ ਨੇ ਮਾਪਿਆਂ ਨੂੰ ਸਾਂਝੇ ਤੌਰ ਤੇ ਪ੍ਰੇਰਿਤ  ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ।ਸਕੂਲਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਈ-ਕੰਟੈਂਟ ਪ੍ਰੋਜੈਕਟਰ ਰਾਹੀਂ ਪੜਾਇਆ ਜਾ ਰਿਹਾ ਹੈ। ਕਰੋਨਾ ਕਾਲ ਦੇ ਵਿੱਚ ਭਾਵੇਂ ਸਕੂਲ ਬੰਦ ਪਏ ਹਨ ਫਿਰ ਵੀ ਅਧਿਆਪਕ ਬੱਚਿਆਂ ਦੀ ਬਿਨਾਂ ਕੋਈ ਫ਼ੀਸ ਲਏ ਮੁਫ਼ਤ ਵਿੱਚ ਆਨ ਲਾਈਨ ਪੜ੍ਹਾਈ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਧੀਆਂ ਸਮਾਰਟ ਕਲਾਸ ਰੂਮਜ਼ ਦੇ ਨਾਲ-ਨਾਲ ਸਮਾਰਟ ਪਲੇਅ ਗਰਾਊਡਾਂ, ਮੈਥ ਸਾਇੰਸ ਅਤੇ ਗਣਿਤ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਤਾਂ ਕਿ ਬੱਚੇ ਖੇਡਦੇ-ਖੇਡਦੇ ਬਹੁਤ ਕੁਝ ਸਿੱਖ ਸਕਣ। ਇਸ ਮੌਕੇ ਗੁਰਦਿਆਲ ਸਿੰਘ ਨੇ ਦੱਸਿਆਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ  ਅਤੇ ਉਨ੍ਹਾਂ ਨੂੰ ਗੁਣਾਤਮਿਕ ਸਿੱਖਿਆ ਦੇਣਾ ਸਕੂਲ ਸਿੱਖਿਆ ਵਿਭਾਗ ਦਾ ਮੁੱਖ ਮੰਤਵ ਹੈ। ਜਿਸ ਲਈ ਵਿਭਾਗ ਵੱਲੋਂ ਹਰ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਧਾਰਮਿਕ ਅਤੇ ਸਮਾਜਿਕ ਪੱਖਾਂ ਨਾਲ ਜੋੜਨ ਲਈ ਆਨ ਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।  ਬੱਚਿਆਂ ਨੂੰ ਵਿਰਸੇ ਨਾਲ ਜੋੜਨ ਅਤੇ ਸਮਾਜਿਕ ਕਦਰਾਂ ਕੀਮਤਾਂ  ਨਾਲ ਜੋੜਨ ਲਈ ਸਰਕਾਰੀ ਸਕੂਲਾਂ ਵਿੱਚ ਸਵਾਗਤ ਜ਼ਿੰਦਗੀ ਨਾਮ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਸ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਕੇ ਸਰਕਾਰੀ ਮੁਫ਼ਤ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਮੈਂਬਰਾਂ ਨਾਲ ਚਰਨਜੀਤ ਆਲੋਵਾਲ ਅਤੇ ਸੁੱਚਾ ਰਾਮ ਵੀ ਹਾਜ਼ਰ ਸਨ।
ਹਾਸਿਲ: ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਦਾਖ਼ਲੇ ਸੰਬੰਧੀ ਪੋਸਟਰ ਵੰਡਦੇ ਹੋਏ।