ਸਰਕਾਰ ਵੱਲੋਂ ਸਿਹਤ ਸਹੂਲਤਾਂ ਵੱਲ ਧਿਆਨ ਨਾ ਦੇਣ ਕਰਕੇ ਮਰੀਜ਼ਾਂ ਨੂੰ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 02 ਮਈ :-  ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਨੂੰ ਸ਼ੁਰੂ ਹੋਇਆ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਸਿਹਤ ਪ੍ਰਬੰਧਾਂ ਵਿੱਚ ਵਧੀਆ ਇੰਤਜ਼ਾਮ ਕਰਨ ਲਈ ਪਿਛਲੇ ਸਾਲ ਕਰੀਬ ਪੰਜ ਮਹੀਨੇ ਲੋਕ ਡਾਊਨ ਕਰਕੇ ਲੋਕਾਂ ਨੂੰ ਘਰਾਂ ਵਿਚ ਡੱਕ ਕੇ ਰੱਖਿਆ ਸੀ, ਪਰ ਅੱਧੇ ਸਾਲ ਦੇ ਲੰਮੇ ਵਕਫ਼ੇ ਵਿੱਚ ਵੀ ਅੱਜ ਤੱਕ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਿਹਤ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ, ਜਦੋਂਕਿ ਹੁਣ ਕਰੋਨਾ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਨਵਾਂਸ਼ਹਿਰ ਹਲਕੇ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਕਿਸੇ ਵੀ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾ ਰਿਹਾ ਅਤੇ ਨਿਕੰਮੇ ਸਿਹਤ ਪ੍ਰਬੰਧਾਂ ਕਾਰਨ ਲੋਕਾਂ ਨੂੰ ਮਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਅਖ਼ਬਾਰੀ ਬਿਆਨਬਾਜ਼ੀ ਤੋਂ ਇਲਾਵਾ ਸਿਹਤ ਪ੍ਰਬੰਧਾਂ ਵਿੱਚ ਪੁਖ਼ਤਾ ਇੰਤਜ਼ਾਮ ਕੀਤੇ ਹੁੰਦੇ ਤਾਂ ਅੱਜ ਲੋਕਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨਾ ਹੋਣਾ ਪੈਂਦਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨਾਲ ਕੇਂਦਰ ਦੀ ਮੋਦੀ ਸਰਕਾਰ ਆਕਸੀਜਨ ਨੂੰ ਲੈ ਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਸੈਂਕੜੇ ਲੋਕਾਂ ਨੂੰ ਤੜਫਾਂ ਤੜਫਾਂ ਕੇ ਮਾਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਹੋਈ ਮੁੱਖ ਮੰਤਰੀਆਂ ਨਾਲ ਮੀਟਿੰਗ ਦਾ ਲਾਈਵ ਵੀਡੀਓ ਕਰੀਬ ਹਰ ਦੇਸ਼ ਵਾਸੀ ਨੇ ਦੇਖਿਆ ਹੈ ਕਿ ਉਸ ਮੀਟਿੰਗ ਵਿੱਚ ਕਿਵੇਂ ਇੱਕ ਪੜ੍ਹਿਆ ਲਿਖਿਆ ਮੁੱਖਮੰਤਰੀ ਆਪਣੇ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਕਿਵੇ ਇੱਕ ਅਨਪੜ੍ਹ ਪ੍ਰਧਾਨ ਮੰਤਰੀ ਅੱਗੇ ਗਿੜਗਿੜਾ ਕੇ ਤਰਲੇ ਮਿੰਨਤਾਂ ਕਰ ਰਿਹਾ ਸੀ ਕਿ ਦਿੱਲੀ ਨੂੰ ਆਕਸੀਜਨ ਦੇ ਦਿਓ। ਪਰ ਪ੍ਰਧਾਨ ਮੰਤਰੀ ਮੋਦੀ ਉਸ ਮੀਟਿੰਗ ਵਿੱਚ ਕਿੰਨੇ ਹੰਕਾਰ ਭਰੇ ਲਹਿਜ਼ੇ ਨਾਲ ਕਹਿ ਰਿਹਾ ਸੀ ਕਿ ਇਹ ਵੀਡੀਓ ਲੋਕਾਂ ਨੂੰ ਨਹੀਂ ਦਿਖਾਉਣੀ ਸੀ,ਇਸ ਤਰ੍ਹਾਂ ਕਰਕੇ ਤੁਸੀਂ ਪ੍ਰੋਟੋਕਾਲ ਤੋੜ ਰਹੇ ਹੋ, ਜੇਕਰ ਦੁਨੀਆ ਸਾਹਮਣੇ ਉਹ ਵੀਡੀਓ ਨਾ ਆਉਂਦੀ ਤਾਂ ਪੂਰੀ ਦੁਨੀਆ ਵਿੱਚ ਗੋਦੀ ਮੀਡੀਆ ਨੇ ਕੇਜਰੀਵਾਲ ਨੂੰ ਰੱਜ ਕੇ ਭੰਡਣਾ ਸੀ। ਮੋਦੀ ਸਰਕਾਰ ਦੀ ਅੱਤ ਦਰਜੇ ਦੀ ਘਟੀਆ ਸੋਚ ਕਰਕੇ ਸੈਂਕੜੇ ਲੋਕ ਆਕਸੀਜਨ ਨਾ ਦੇਣ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ। ਪਰ ਮੋਦੀ ਸਰਕਾਰ ਵੱਲੋਂ ਬੇਹੱਦ ਘਟੀਆ ਦਰਜੇ ਦੀ ਕੀਤੀ ਰਾਜਨੀਤੀ ਦੇ ਬਾਵਜੂਦ ਕੇਜਰੀਵਾਲ ਨੇ ਹਾਰ ਮੰਨ ਕੇ ਪੱਲਾ ਨਹੀਂ ਝਾੜਿਆ ਸਗੋਂ ਕੇਜਰੀਵਾਲ ਸਰਕਾਰ ਨੇ ਦਿਨ ਰਾਤ ਮਿਹਨਤ ਕਰਕੇ ਸਿਰਫ਼ ਤਿੰਨ ਦਿਨਾਂ ਵਿਚ ਦਿੱਲੀ ਦੇ ਲੋਕਾਂ ਲਈ 13000 ਨਵੇਂ ਆਕਸੀਜਨ ਬੈਂਡ ਤਿਆਰ ਕਰ ਦਿੱਤੇ ਹਨ ਅਤੇ ਬਾਕੀ ਸੂਬਿਆਂ ਤੋਂ ਆਕਸੀਜਨ ਦੀ ਮਦਦ ਮੰਗ ਕੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਰ ਪੰਜਾਬ ਦੀ ਕੈਪਟਨ ਸਰਕਾਰ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੀ ਹੈ ਅਤੇ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਸਿਵਾਏ ਲੋਕ ਡਾਊਨ ਦੇ ਫ਼ਰਮਾਨ ਜਾਰੀ ਕਰਨ ਤੋਂ ਇਲਾਵਾ ਸਿਹਤ ਪ੍ਰਬੰਧਾਂ ਵਿੱਚ ਕੁਝ ਵੀ ਸੁਧਾਰ ਨਹੀਂ ਕਰ ਰਹੀ।  ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਸਿਹਤ ਪ੍ਰਬੰਧਾਂ ਵਿੱਚ ਪੁਖਤਾ ਅਤੇ ਲੋੜੀਂਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।