ਨਵਾਂਸ਼ਹਿਰ, 9 ਅਪ੍ਰੈਲ : (ਬਿਊਰੋ) ਅੱਜ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਜਗਜੀਤ ਸਿੰਘ ਵੱਲੋਂ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ (ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ) ਦੇ ਲਿਖੇ ਅਤੇ ਗਾਏ ਗੀਤ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਰਿਕਾਰਡ ਕਰਵਾਇਆ ਗਿਆ ਹੈ, ਦੀ ਪ੍ਰਮੋਸ਼ਨ ਕਰਦਿਆਂ ਇਸ ਦੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਕਿਹਾ ਕਿ ਇਹ ਗੀਤ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਨਸ਼ਿਆਂ ਵੱਲ ਧਕੇਲਣ ਵਾਲੇ ਗਿਰੋਹਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਇਸ ਨਾਲ ਜਿਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ, ਉਥੇ ਲੱਚਰਤਾ ਅਤੇ ਹਥਿਆਰਾਂ ਆਦਿ ਨੂੰ ਬੜਾਵਾ ਦੇਣ ਵਾਲੇ ਗੀਤਾਂ ਤੋਂ ਵੀ ਆਪਣਾ ਰੁਖ ਮੋੜਨਗੇ। ਉਨਾਂ ਸਮੂਹ ਪਿ੍ਰੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੀਤ ਨੂੰ ਵੱਧ ਤੋਂ ਵੱਧ ਸੁਣਨ ਅਤੇ ਅੱਗੇ ਤੋਂ ਅੱਗੇ ਭੇਜਣ ਤਾਂ ਕਿ ਅਜਿਹੇ ਗੀਤਾਂ ਜ਼ਰੀਏ ਨੌਜਵਾਨ ਵਰਗ ਨੂੰ ਸਾਕਾਰਾਤਮਕ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਉਨਾਂ ਮੰਗ ਗੁਰਪ੍ਰਸ਼ਾਦ ਸਿੰਘ ਮੰਗਾ, ਅਦਾਕਾਰ ਸੁਰਜੀਤ ਮਝੂਰ (ਲੈਕਚਰਾਰ) ਅਤੇ ਆਜ਼ਾਦ ਰੰਗ ਮੰਗ ਦੀ ਡਾਇਰੈਕਟਰ ਬੀਬਾ ਕੁਲਵੰਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਅਮਰੀਕ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਮੈਡਮ ਰੀਨਾ ਰਾਏ, ਦੇਸ ਰਾਜ, ਦੀਪਕ, ਰਾਕੇਸ਼ ਕੁਮਾਰ, ਸੁਖਪ੍ਰੀਤ ਸਿੰਘ, ਜਤਿੰਦਰ ਸਿੰਘ, ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ :- 'ਨਸ਼ਿਆਂ 'ਚ ਕਰੀਂ ਨਾ ਤਬਾਹ' ਗੀਤ ਦੇ ਕਲਾਕਾਰਾਂ ਮੰਗ ਗੁਰਪ੍ਰਸ਼ਾਦ ਸਿੰਘ , ਸੁਰਜੀਤ ਸਿੰਘ ਮਝੂਰ ਅਤੇ ਬੀਬਾ ਕੁਲਵੰਤ ਦਾ ਸਨਮਾਨ ਕਰਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ।