ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ: ਬੀ. ਆਰ . ਅੰਬੇਡਕਰ ਜੀ ਦੇ ਜਨਮ ਦਿਵਸ 'ਤੇ ਸੁਖਵਿੰਦਰ ਪਾਲ ਵੱਲੋਂ ਖ਼ੂਨਦਾਨ

ਸੁਖਵਿੰਦਰ ਪਾਲ 21ਵੀਂ ਵਾਰ ਖ਼ੂਨਦਾਨ ਕਰਕੇ ਖ਼ੂਨਦਾਨੀਆਂ ਦੇ ਪ੍ਰੇਰਨਾ ਸਰੋਤ
ਨਵਾਂਸ਼ਹਿਰ : 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) 21ਵੀਂ ਵਾਰ ਖ਼ੂਨਦਾਨ ਕਰਕੇ ਖ਼ੂਨਦਾਨ ਮਹਾਂ ਦਾਨ ਦੇ ਅਰਥਾਂ ਨੂੰ ਸਾਕਾਰ ਕਰਨ ਵਾਲੇ  ਸਿਹਤ ਵਿਭਾਗ ਪੰਜਾਬ ਦੇ  ਦਫ਼ਤਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੇਵਾ ਨਿਭਾਅ ਰਹੇ ਸੁਖਵਿੰਦਰ ਪਾਲ ਖ਼ੂਨਦਾਨੀਆਂ ਦੇ ਪ੍ਰੇਰਨਾ ਸਰੋਤ ਬਣੇ ਹਨ। ਇਨ੍ਹਾਂ ਵੱਲੋਂ ਵੱਖ-ਵੱਖ ਸਮੇਂ ਤੇ ਖ਼ੂਨਦਾਨ ਵਿੱਚ ਲਗਾਤਾਰਤਾ ਬਣਾਈ ਰੱਖਦਿਆਂ, ਸੰਵਿਧਾਨ ਨਿਰਮਾਤਾ ਭਾਰਤ ਰਤਨ  ਡਾ: ਬੀ. ਆਰ . ਅੰਬੇਡਕਰ ਜੀ ਦੇ ਜਨਮ ਦਿਵਸ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨਵਾਂਸ਼ਹਿਰ ਵਲੋ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਬਲੱਡ ਡੋਨਰਜ਼ ਕੌਂਸਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਏ ਗਏ ਸਵੈ-ਇੱਛੁਕ ਖ਼ੂਨਦਾਨ ਕੈਂਪ ਵਿੱਚ 21ਵੀਂ ਵਾਰ  ਖ਼ੂਨਦਾਨ ਕੀਤਾ ਗਿਆ। ਸੁਖਵਿੰਦਰ ਪਾਲ ਜੋ ਕਿ ਸਿਹਤ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ ਨੇ ਇਸ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਖੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਜ਼ਰੂਰਤਮੰਦ ਵਿਅਕਤੀ ਨੂੰ ਨਵਾਂ ਜੀਵਨ ਦਾਨ ਦੇ ਸਕਦੀ ਹੈ। ਉਨਾਂ ਕਿਹਾ ਕਿ ਲੋਕਾਂ ਵਲੋਂ ਜਿਆਦਾਤਰ ਵਹਿਮ ਭਰਮ ਕਰਦਿਆਂ ਖੂਨਦਾਨ ਨਹੀਂ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸਦਾ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਜਾਂ ਖੂਨਦਾਨ ਨਾਲ ਸਿਹਤ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ, ਅਜਿਹਾ ਸੋਚਣਾ ਬਿਲਕੁੱਲ ਗਲ਼ਤ ਹੈ ਅਤੇ ਇੱਕ ਵਹਿਮ ਤੋ ਵੱਧ ਕੁੱਝ ਵੀ ਨਹੀਂ । ਉਹਨਾਂ ਕਿਹਾ ਕਿ ਖੂਨਦਾਨ ਦੇ ਨਾਲ਼ ਉਲਟ ਬਹੁਤ ਸਾਰੀਆ ਬਿਮਾਰੀਆਂ ਤੋ ਰਾਹਤ ਵੀ ਪਾਈ ਜਾ ਸਕਦੀ ਹੈ ਅਤੇ ਖੂਨਦਾਨ ਦੇ ਨਾਲ ਸਿਹਤ ਤੇ ਕਿਸੇ ਪ੍ਰਕਾਰ ਦਾ ਮਾੜਾ ਅਸਰ ਨਹੀਂ ਪੈਦਾ। ਉਹਨਾਂ ਕਿਹਾ ਕਿ ਖੂਨਦਾਨ ਉਪਰੰਤ ਕੁੱਝ ਘੰਟਿਆਂ ਦੇ ਵਿੱਚ ਹੀ ਖੂਨ ਦੇ ਲੈਵਲ ਦੀ ਪੂਰਤੀ  ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਕੁੱਝ ਵਹਿਮਾ ਭਰਮਾਂ ਦੇ ਚਲਦਿਆ ਲੋਕਾਂ ਵਲੋਂ ਖੂਨਦਾਨ ਉਤਸ਼ਾਹਿਤ ਤੌਰ ਤੇ ਨਹੀਂ ਕੀਤਾ ਜਾਂਦਾ ਜਿਸ ਕਾਰਨ ਬਲੱਡ ਬੈਂਕਾਂ ਵਿੱਚ ਬਹੁਤ ਸਾਰੇ ਯੂਨਿਟਾਂ ਦੀ ਘਾਟ ਰਹਿੰਦੀ ਹੈ ਅਤੇ ਲੋੜ ਪੈਣ ਤੇ ਕਿਸੇ ਮਰੀਜ਼ ਦੀ ਜਿੰਦਗੀ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਵਲੋ ਵੱਧ ਤੋ ਵੱਧ ਖੂਨਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿੱਚ ਦੁਨੀਆ ਸੇਵ ਕਮਾਈਐ ਤਾ ਦਰਗਾਹਿ ਬੈਸਣੁ ਪਾਈਐ ਦੇ ਅਰਥਾਂ ਨੂੰ ਸਾਰਥਿਕ ਕਰਦੇ ਹੋਏ ਵੱਧ ਤੋ ਵੱਧ ਕੀਮਤੀ  ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਡਾ: ਦਿਆਲ ਸਰੂਪ, ਸ: ਬੂਟਾ ਸਿੰਘ  ਉਟਾਲ , ਸੁਰਿੰਦਰ ਪਾਲ, ਮਨਜੋਤ, ਪਰਦੀਪ ਕੁਮਾਰ ਅਤੇ ਮੰਗ ਗੁਰਪ੍ਰਸ਼ਾਦ ਸਿੰਘ ਵੀ ਹਾਜ਼ਰ ਸਨ।