ਲਘੂ ਫਿਲਮ 'ਤੀਹਰੀ ਖੁਸ਼ੀ' ਕੀਤੀ ਸਿੱਖਿਆ ਸਕੱਤਰ ਨੇ ਰਿਲੀਜ਼

ਪਟਿਆਲਾ 25 ਅਪ੍ਰੈਲ: ਸਰਕਾਰੀ ਸਕੂਲਾਂ ਦੀਆਂ ਖੂਬੀਆਂ ਤੇ ਸਹੂਲਤਾਂ ਦੇ ਪ੍ਰਚਾਰ ਕਰਨ ਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਤਿਆਰ ਕੀਤੀ ਗਈ ਲਘੂ ਫਿਲਮ 'ਤੀਹਰੀ ਖੁਸ਼ੀ' ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਉਕਤ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜੋਕੇ ਦੌਰ 'ਚ ਸਰਕਾਰੀ ਸਕੂਲ ਹਰ ਪੱਖੋਂ ਸਮੇਂ ਦੇ ਹਾਣ ਦੇ ਹੋ ਚੁੱਕੇ ਹਨ ਅਤੇ ਇਨ੍ਹਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਭਾਗ ਦੇ ਅਧਿਆਪਕਾਂ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕਾਂ ਤੇ ਲਘੂ ਫਿਲਮ ਰਾਹੀਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਰੰਗਮੰਚ ਦੇ ਖੇਤਰ 'ਚ ਅੱਗੇ ਵਧਣ ਲਈ ਸ਼ੁਭਕਾਮਾਨਾਵਾਂ ਦਿੱਤੀਆਂ।   ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਸਰਪ੍ਰਸਤੀ 'ਚ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖੀ 'ਤੀਹਰੀ ਖੁਸ਼ੀ' ਫਿਲਮ ਨੂੰ ਵਿਭਾਗ ਦੀ ਡਿਜੀਟਲ ਮੀਡੀਆ ਟੀਮ ਦੇ ਮੈਂਬਰ ਅਸ਼ੋਕ ਕੁਮਾਰ ਨੇ ਨਿਰਦੇਸ਼ਤ ਕੀਤਾ ਹੈ। ਕੋਆਰਡੀਨੇਟਰ ਅਮਰਦੀਪ ਸਿੰਘ ਬਾਠ ਦੀ ਦੇਖ-ਰੇਖ 'ਚ ਬਣੀ ਉਕਤ ਫਿਲਮ ਦੀ ਵੀਡੀਓਗ੍ਰਾਫੀ ਗੁਰਦੀਪ ਜੌਨੀ ਤੇ ਸੰਪਾਦਨ ਦੀ ਜ਼ਿੰਮੇਵਾਰੀ ਨਵੀਨ ਸ਼ਰਮਾ ਨੇ ਨਿਭਾਈ ਹੈ। ਇਸ ਫਿਲਮ 'ਚ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਜਸ਼ਨਪ੍ਰੀਤ ਤਾਣਾ, ਸਿਮਰਤਰਾਜ ਸਿੰਘ ਖਾਲਸਾ, ਹਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ।  ਫਿਲਮ ਰਿਲੀਜ਼ ਕਰਨ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਪਟਿਆਲਾ ਇੰਜੀ. ਅਮਰਜੀਤ ਸਿੰਘ, ਪੜ੍ਹੋ ਪੰਜਾਬ ਪੜਾਓ ਪੰਜਾਬ ਮੁਹਿੰਮ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਤੇ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਚਾਨੀ ਵੀ ਹਾਜ਼ਰ ਸਨ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ।
ਤਸਵੀਰ:- ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਲਘੂ ਫਿਲਮ 'ਤੀਹਰੀ ਖੁਸ਼ੀ' ਰਿਲੀਜ਼ ਕਰਦੇ ਹੋਏ, ਨਾਲ ਹਨ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ, ਪ੍ਰਿੰ. ਤੋਤਾ ਸਿੰਘ ਚਹਿਲ ਤੇ ਰਾਜਵੰਤ ਸਿੰਘ।