ਪਟਿਆਲਾ 11 ਅਪ੍ਰੈਲ : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲਾ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਹਿਤ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਤੋਂ ਲੈ ਕੇ ਵਿਦਿਆਰਥੀਆਂ ਤੱਕ, ਵਿਭਾਗ ਦਾ ਹਰੇਕ ਸ਼ਖਸ਼ ਸਿੱਧੇ ਜਾਂ ਅਸਿੱਧੇ ਰੂਪ 'ਚ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ 'ਚ ਕੁੱਦਿਆ ਹੋਇਆ ਹੈ। ਸਕੱਤਰ ਕ੍ਰਿਸ਼ਨ ਕੁਮਾਰ ਜਿੱਥੇ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਾਉਣ ਲਈ ਪ੍ਰੇਰਿਤ ਕਰ ਰਹੇ ਹਨ, ਉੱਥੇ ਉਹ ਦਾਖਲਾ ਮੁਹਿੰਮ 'ਚ ਸ਼ਾਮਲ ਵਿਭਾਗ ਦੇ ਅਧਿਆਪਕਾਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਹਨ। ਕ੍ਰਿਸ਼ਨ ਕੁਮਾਰ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਇਲਾਕੇ 'ਚ ਅਧਿਆਪਕਾਂ ਨਾਲ ਮਿਲ ਕੇ ਬੀਤੇ ਕੱਲ੍ਹ ਦਾਖਲਾ ਮੁਹਿੰਮ 'ਚ ਸ਼ਾਮਲ ਹੋਏ ਉੱਥੇ ਪਿਛਲੇ ਹਫਤੇ ਉਹ ਇਸੇ ਜਿਲ੍ਹੇ ਦੇ ਪਿੰਡ ਬਾਰਨ ਦੇ ਗੁਰਦੁਆਰਾ ਸਾਹਿਬ 'ਚੋਂ ਖੁਦ ਬੇਨਤੀ (ਅਨਾਊਂਸਮੈਂਟ) ਕਰ ਚੁੱਕੇ ਹਨ। ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਦੀ ਸ਼ਮੂਲੀਅਤ ਨਾਲ ਦਾਖਲਾ ਮੁਹਿੰਮ ਨੂੰ ਹੋਰ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜਿਲ੍ਹੇ 'ਚ ਪ੍ਰਾਇਮਰੀ ਵਿੰਗ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ, ਅਧਿਆਪਕ, ਸਿੱਖਿਆ ਵਲੰਟੀਅਰ ਤੇ ਸਿੱਖਿਆ ਵਲੰਟੀਅਰ ਇੱਕ ਵਾਰ ਜਿਲ੍ਹੇ ਦੇ ਹਰ ਪਿੰਡ, ਸ਼ਹਿਰ ਤੇ ਕਸਬੇ 'ਚ ਦਾਖਲਾ ਮੁਹਿੰਮ ਸਬੰਧੀ ਕਿਸੇ ਨਾ ਕਿਸੇ ਗਤੀਵਿਧੀ ਰਾਹੀਂ ਮਾਪਿਆਂ ਨੂੰ ਪ੍ਰੇਰਿਤ ਕਰ ਚੁੱਕੇ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ, ਮਾਪਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਚੁੱਕਿਆ ਹੈ। ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਦੱਸਿਆ ਕਿ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਨੁੱਕੜ ਨਾਟਕ 'ਤੀਹਰੀ ਖੁਸ਼ੀ' ਰਾਹੀਂ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀਆਂ ਦੀਆਂ ਟੀਮਾਂ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਦਾ ਪ੍ਰਸਾਰ ਕਰ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਜਿਲ੍ਹੇ ਦੇ ਸਕੂਲਾਂ ਦੇ ਪ੍ਰਚਾਰ ਲਈ ਫਲੈਕਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਪੈੱਫਲਿੱਟ ਵੰਡੇ ਜਾ ਰਹੇ ਹਨ। ਜਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਮੀਡੀਆ ਦੇ ਵੱਖ-ਵੱਖ ਸਾਧਨਾਂ ਰਾਹੀਂ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਤਸਵੀਰ:- ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਨਾਲ ਦਾਖਲਾ ਮੁਹਿੰਮ ਸਮੇਂ।
ਤਸਵੀਰ:- ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਨਾਲ ਦਾਖਲਾ ਮੁਹਿੰਮ ਸਮੇਂ।