ਨਵਾਂਸ਼ਹਿਰ : 16 ਅਪਰੈਲ (ਬਿਊਰੋ) ਪੰਜਾਬ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ ਸ੍ਰੀ ਆਰ.ਐਨ.ਢੋਕੇ ਦੀ ਨਿਯੁਕਤੀ ਨਾਲ ਰੇਤ ਮਾਫੀਆ ਦੇ ਚਿਹਰੇ ਬੇਨਕਾਬ ਹੋਣੇ ਸ਼ੁਰੂ ਹੋ ਗਏ ਹਨ ਅਤੇ ਰੇਤ ਮਾਫੀਆ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੋਇਆ ਹੈ ਜਿਸ ਦੀ ਉਦਾਹਰਣ ਖੰਨਾ ਪੁਲਿਸ ਵੱਲੋਂ 8 ਅਪ੍ਰੈਲ 2021 ਨਾਜਾਇਜ਼ ਮਾਈਨਿੰਗ ਸਬੰਧੀ ਮੁਕੱਦਮਾ ਨੰਬਰ 59 ਦਰਜ ਕਰਕੇ ਸ਼ਲਾਘਾਯੋਗ ਕਦਮ ਪੁੱਟਿਆ ਹੈ ਜਿਸ ਵਿੱਚ ਰਾਜਨੀਤਕ ਸ਼ਰਨ ਪ੍ਰਾਪਤ ਵਿਅਕਤੀਆਂ ਦੇ ਨਾਮ ਸਾਹਮਣੇ ਆਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਰਸ਼ਪਾਲ ਸਿੰਘ ਰਾਜੂ ਤੇ ਮੱਖਣ ਲਾਲ ਚੌਹਾਨ ਜ਼ਿਲ੍ਹਾ ਇੰਚਾਰਜ ਨੇ ਸਾਂਝੇ ਰੂਪ ਵਿਚ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਨਜਾਇਜ਼ ਸ਼ਰਾਬ ਅਤੇ ਮਾਈਨਿੰਗ ਦਾ ਧੰਦਾ ਲੰਬੇ ਸਮੇ ਤੋਂ ਚਲ ਰਿਹਾ ਸੀ ਜਿਸ ਕਰਕੇ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਵਾਈ ਸਰਵੇਖਣ ਕੀਤਾ ਸੀ ਜਿਸ ਵਿਚ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਤੇ ਚਲ ਰਿਹਾ ਸੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਜੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜਨੀਤਕ ਦਬਾਉ ਹੋਣ ਕਾਰਣ ਜ਼ਿਲਾ ਪ੍ਰਸ਼ਾਸਨ ਨੇ ਦੋਸ਼ੀਆਂ ਦੀ ਬਜਾਏ ਉਹਨਾਂ ਦੇ ਗਰੀਬ ਕਰਿੰਦਿਆਂ ਖਿਲਾਫ ਮੁਕੱਦਮੇ ਦਰਜ ਕਰਕੇ ਖ਼ਾਨਾਪੂਰਤੀ ਕੀਤੀ ਸੀ ਅਸਲ ਦੋਸ਼ੀ ਰਾਜਨੀਤਕ ਪ੍ਰਭਾਵ ਕਾਰਨ ਬਚਦੇ ਰਹੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਨਜਾਇਜ਼ ਸ਼ਰਾਬ ਤੇ ਹੋਰ ਨਸ਼ਿਆ ਦਾ ਧੰਦਾ ਵੀ ਜ਼ੋਰਾਂ ਤੇ ਚਲ ਰਿਹਾ ਹੈ। ਬਹੁਜਨ ਸਮਾਜ ਪਾਰਟੀ, ਸਰਕਾਰ ਅਤੇ ਪੰਜਾਬ ਪੁਲਿਸ ਮੁਖੀ ਤੋਂ ਮੰਗ ਕਰਦੀ ਹੈ ਕਿ ਇਸ ਦੀ ਕੇਸ਼ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇ ਅਤੇ ਐਫ.ਆਈ.ਆਰ.ਵਿਚ ਨਾਮਜ਼ਦ ਵਿਅਕਤੀਆਂ ਦੇ ਫੋਨ ਕਾਲਾਂ ਦੀ ਸਾਰਣੀ ਪ੍ਰਾਪਤ ਕੀਤੀ ਜਾਵੇ ਤਾਂ ਕਿ ਇਨ੍ਹਾਂ ਪਿੱਛੇ ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਦੇ ਚਿਹਰੇ ਨੰਗੇ ਕੀਤੇ ਜਾਣ ਤਾਂ ਕਿ ਰੇਤ ਮਾਫੀਆ ਨੂੰ ਨਕੇਲ ਪਾਈ ਜਾਏ। ਇਸ ਮੌਕੇ ਕੁਲਦੀਪ ਰਾਜ ਨਵਾਂਸ਼ਹਿਰ, ਕੁਲਵਿੰਦਰ ਦਰੀਆਪੁਰ, ਰਨਵੀਰ ਬੱਬਰ, ਜਸਵਿੰਦਰ ਰਟੈਂਡਾ ਆਦਿ ਹਾਜ਼ਰ ਸਨ।