ਪੁਨਰਗਠਨ ਦੇ ਨਾਂ ਤੇ ਖ਼ਤਮ ਕੀਤੀਆਂ 9000 ਪੋਸਟਾਂ ਬਹਾਲ ਕਰਨ ਦੀ ਮੰਗ, ਤਨਖਾਹਾਂ ਜਾਰੀ ਕਰਵਾਉਣ ਲਈ ਸਿੰਚਾਈ ਮੰਤਰੀ ਨੂੰ ਭੇਜੇ ਮੰਗ ਪੱਤਰ

ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਸ਼ਮੂਲੀਅਤ ਦਾ ਫ਼ੈਸਲਾ

ਨਵਾਂਸ਼ਹਿਰ 26 ਅਪ੍ਰੈਲ :-  ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਬ੍ਰਾਂਚ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਰੋਸ ਮੀਟਿੰਗ ਕਰ ਕੇ ਉਪਮੰਡਲ ਅਫਸਰ ਨਵਾਂਸ਼ਹਿਰ (ਸਿੰਚਾਈ) ਅਤੇ ਉਪ ਮੰਡਲ ਅਫਸਰ ਜਲ ਨਿਕਾਸ (ਡਰੇਨਜ਼) ਰਾਹੀਂ ਸਿੰਚਾਈ ਮੰਤਰੀ ਪੰਜਾਬ ਸਰਕਾਰ ਨੂੰ ਪੁਨਰਗਠਨ ਦੇ ਨਾਂ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਬਹਾਲ ਕਰਵਾਉਣ ਅਤੇ ਤਨਖਾਹਾਂ ਜਾਰੀ ਕਰਵਾਉਣ ਲਈ ਮੰਗ ਪੱਤਰ ਭੇਜੇ ਗਏ।  ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਨੇ ਜਲ ਸਰੋਤ ਵਿਭਾਗ ਦੇ ਪੁਨਰਗਠਨ ਦਾ ਤਿੱਖਾ ਵਿਰੋਧ ਕਰਦਿਆਂ ਜਲ ਸਰੋਤ ਵਿਭਾਗ ਵਿਚੋਂ ਦਰਜਾ ਤਿੰਨ ਅਤੇ ਦਰਜਾ ਚਾਰ ਦੀਆਂ ਸਰਪਲੱਸ ਕੀਤੀਆਂ ਲਗਪਗ ਨੌੰ ਹਜ਼ਾਰ ਪੋਸਟਾਂ ਮੁੜ ਬਹਾਲ ਕਰਨ ਅਤੇ ਹਜ਼ਾਰਾਂ ਕਰਮਚਾਰੀਆਂ ਦੀਆਂ ਮਾਰਚ ਮਹੀਨੇ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕੇਂਦਰ ਸਰਕਾਰ ਵਾਂਗ ਆਮ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਅਤੇ ਨਵੀਂ ਪੀੜੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਜਨਤਕ ਖੇਤਰ ਦੇ ਅਦਾਰਿਆਂ ਦਾ ਖਾਤਮਾ ਕਰਨ ਦੀ ਤਰਜ਼ ਤੇ ਹੀ ਪੰਜਾਬ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਉਣ ਵਾਲੀ ਸਰਕਾਰ ਦੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੋਣਾਂ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦੇਣ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਅਪੀਲ ਕੀਤੀ।   ਮੀਟਿੰਗ ਵਿੱਚ ਲੋਕ ਘੋਲ ਬਣ ਚੁੱਕੇ ਕਿਸਾਨੀ ਅੰਦੋਲਨ ਦਾ ਤਨ ਮਨ ਧਨ ਨਾਲ ਹਿੱਸਾ ਬਣਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੱਨ ਕਾਲੇ ਕਿਸਾਨੀ ਕਨੂੰਨ ਬਿਜਲੀ ਬਿਲ ਅਤੇ ਪਰਾਲੀ ਸਾੜਨ ਦਾ ਆਰਡੀਨੈਂਸ ਰੱਦ ਕਰਨ, 44 ਕਿਰਤ ਕਾਨੂੰਨਾਂ ਦੀ ਥਾਂ ਤੇ ਚਾਰ ਕਿਰਤੀ ਵਿਰੋਧੀ ਬਣਾਏ ਕੋਡ ਰੱਦ ਕਰਵਾਉਣ ਲਈ ਪਹਿਲੀ ਮਈ ਨੂੰ ਦਿੱਲੀ ਦੇ ਬਾਰਡਰਾਂ ਤੇ ਮਜ਼ਦੂਰ ਦਿਵਸ ਮਨਾਉਣ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।   ਇਸ ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਅਮਰੀਕ ਲਾਲ, ਰਾਮ ਭਵਨ, ਸੰਤੋਖ ਸਿੰਘ, ਰਮਨਦੀਪ ਸਿੰਘ, ਜਤਿੰਦਰ ਸਿੰਘ ਜ਼ਿਲੇਦਾਰ, ਚਰਨਜੀਤ, ਰਾਮ ਪਾਲ,  ਕੁਲਵੰਤ ਰਾਮ ਮੇਟ, ਹਰਦੀਪ ਸਿੰਘ, ਨਰਿੰਦਰ ਕੁਮਾਰ, ਗੁਰਮੇਲ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।