ਐਤਵਾਰ ਵਾਲੇ ਦਿਨ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਵੇਗੀ ਛੋਟ

ਨਵਾਂਸ਼ਹਿਰ 24 ਅਪ੍ਰੈਲ :(ਬਿਊਰੋ) ਕੋਵਿਡ ਦੀ ਰੋਕਥਾਮ ਲਈ ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਮਿਤੀ 20 ਅਪ੍ਰੈਲ 2021 ਨੂੰ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਮਾਲ, ਬਾਜ਼ਾਰ, ਦੁਕਾਨਾਂ ਅਤੇ ਰੈਸਟੋਰੈਂਟ (ਸਮੇਤ ਹੋਟਲ) ਜ਼ਰੂਰੀ ਵਸਤਾਂ ਨੂੰ ਛੱਡ ਕੇ ਐਤਵਾਰ ਨੂੰ ਬੰਦ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਹੁਣ ਜ਼ਿਲਾ ਮੈਜਿਸਟ੍ਰੇਟ ਵੱਲੋਂ ਇਨਾਂ ਹੁਕਮਾਂ ਦੀ ਲਗਾਤਾਰਤਾ ਵਿਚ ਕੁਝ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਐਤਵਾਰ ਵਾਲੇ ਦਿਨ ਛੋਟ ਦਿੱਤੀ ਗਈ ਹੈ, ਜਿਨਾਂ ਵਿਚ ਤਾਜ਼ਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ/ਉਦਯੋਗ, ਪੈਟਰੋਲ/ਡੀਜ਼ਲ ਅਤੇ ਸੀ. ਐਨ. ਜੀ ਪੰਪ, ਰਾਈਸ ਸ਼ੈਲਰ (ਜਿਨਾਂ ਵਿਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ ਅਤੇ ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਾਰਗਾਹਾਂ, ਦਵਾਈਆਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਮੈਡੀਕਲ ਵਰਤੋਂ ਵਿਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ ਅਤੇ ਸੰਕਟ ਦੀ ਸਥਿਤੀ ਵਿਚ ਪਬਲਿਕ ਹੈਲਥ ਸੇਵਾਵਾਂ, ਸੰਚਾਰ ਸੇਵਾਵਾਂ, ਅਨਾਜ ਦੀ ਖ਼ਰੀਦ/ਭੰਡਾਰਨ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ/ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋੜੀਂਦੇ ਕੰਮ, ਪੁਲਿਸ/ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ), ਫ਼ਸਲਾਂ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ/ਕੰਬਾਇਨਾਂ ਅਤੇ ਫ਼ਸਲ ਦੀ ਵਾਢੀ ਸਬੰਧੀ ਕੰਮਕਾਜ ਅਤੇ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ ਸ਼ਾਮਿਲ ਹਨ।