ਲੇਖਕ: - ਸੰਤੋਖ ਸਿੰਘ ਜੱਸੀ
ਡਾ. ਭੀਮ ਰਾਓ ਅੰਬੇਡਕਰ ਸਾਲ 2012 ਵਿੱਚ ਹੋਏ ਇੱਕ ਆਨਲਾਈਨ ਸਰਵੇ ਮੁਤਾਬਿਕ ਭਾਰਤ ਦੀ ਪਹਿਲੀ ਹੋਣਹਾਰ ਅਤੇ ਹਰਮਨ ਪਿਆਰੀ ਸ਼ਖ਼ਸੀਅਤ ਮੰਨੇ ਗਏ। ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਸਰਵੇ ਸੀ। ਇਸ ਤੋਂ ਪਹਿਲਾਂ ਸਾਲ 2004 ਵਿੱਚ ਕੋਲੰਬੀਆ ਯੂਨੀਵਰਸਿਟੀ (ਸਥਾਪਨਾ 1754 ਈ:), ਅਮਰੀਕਾ ਦੇ 250 ਸਾਲਾਂ ਦੇ ਕੀਤੇ ਗਏ ਸਰਵੇ ਵਿੱਚ ਦੁਨੀਆਂ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਇਸੇ ਤਰ੍ਹਾਂ ਡਾ. ਅੰਬੇਡਕਰ ਦੁਨੀਆਂ ਵਿੱਚ ਸੁਖਮਈ ਜੀਵਨ ਵਿੱਚ ਭੂਮਿਕਾ ਨਿਭਾਉਣ ਵਾਲੀ ਵੱਡੀ ਸ਼ਖ਼ਸੀਅਤ ਦੇ ਮਾਲਕ ਸਾਬਿਤ ਹੋਏ।
ਬਾਬਾ ਸਾਹਿਬ ਦੇ ਜਿਊਂਦੇ-ਜੀਅ 'ਜੈ ਭੀਮ' ਅਤੇ ਉਨ੍ਹਾਂ ਦਾ ਬੁੱਤ ਕੋਹਲਾਪੁਰ (ਮਹਾਂਰਾਸ਼ਟਰ) ਵਿਖੇ ਸਥਾਪਤ ਹੋਇਆ। ਵਿਸ਼ਵ ਦੀ ਸਭ ਤੋਂ ਕਠਿਨ ਸਮਝੀ ਜਾਣ ਵਾਲੀ ਡੀ.ਐਸ.ਸੀ. (ਡਾਕਟਰ ਆਫ਼ ਸਾਇੰਸ) ਦੀ ਡਿਗਰੀ ਨਿਰਧਾਰਿਤ ਸਮੇਂ ਤੋਂ ਘੱਟ ਸਮੇਂ 'ਚ ਪ੍ਰਾਪਤ ਕਰਨ ਵਾਲੇ ਸਿਰਫ ਤੇ ਸਿਰਫ ਡਾ. ਬੀ.ਆਰ ਅੰਬੇਡਕਰ ਹੀ ਹੋਏ ਸਨ।
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਅਤੇ ਵਿਲੱਖਣ ਸੰਵਿਧਾਨ ਹੈ। ਜੋ ਕਿ ਬਾਬਾ ਸਾਹਿਬ ਡਾ.ਅੰਬੇਡਕਰ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਤਿਆਰ ਕਰਕੇ 26 ਨਵੰਬਰ 1950 ਨੂੰ ਸੰਵਿਧਾਨ ਸਭਾ ਦੇ ਚੇਅਰਮੈਨ ਅਤੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਭੇਂਟ ਕੀਤਾ।ਭਾਰਤੀ ਸੰਵਿਧਾਨ 'ਚ ਪਹਿਲੀ ਸੋਧ 10 ਮਈ, 1951 'ਚ ਹੋਈ ਅਤੇ ਹੁਣ ਤੱਕ 104 ਸੋਧਾਂ ਯਾਣੀ ਕਿ ਆਖਰੀ ਸੋਧ 25 ਜਨਵਰੀ, 2020 ਨੂੰ ਹੋ ਚੁੱਕੀ ਹੈ।
ਵਿਸ਼ਵ ਸ਼ਕਤੀ ਕਹੇ ਜਾਣ ਵਾਲੇ ਮੁਲਕ ਅਮਰੀਕਾ ਦੇ ਰਹਿ ਚੁੱਕੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਕਿਹਾ ਕਿ ਜੇਕਰ ਡਾ. ਅੰਬੇਡਕਰ ਸਾਡੇ ਦੇਸ਼ ਵਿੱਚ ਪੈਦਾ ਹੁੰਦੇ ਤਾਂ ਅਸੀਂ ਉਨ੍ਹਾਂ ਨੂੰ ਸੂਰਜ ਕਹਿੰਦੇ। 27 ਸਾਲ ਜੇਲ੍ਹ 'ਚ ਰਹਿਣ ਵਾਲੇ ਆਜ਼ਾਦੀ ਘੁਲਾਈਏ ਅਤੇ ਅਫ਼ਰੀਕਾ ਦੇ ਰਾਸ਼ਟਰਪਤੀ ਮਰਹੂਮ ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਭਾਰਤ ਵਿੱਚੋਂ ਲੈਣ ਵਾਲੀ ਚੀਜ਼ ਜੇਕਰ ਕੋਈ ਹੈ ਤੇ ਉਹ ਸਿਰਫ 'ਤੇ ਸਿਰਫ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਹੀ ਹੈ। 20ਵੀਂ ਸਦੀ ਦੇ ਮਹਾਨ ਦਾਰਸ਼ਨਿਕ ਓਸ਼ੋ ਰਜਨੀਸ਼ ਨੇ ਕਿਹਾ ਕਿ ਜਿਹਨਾਂ ਲੋਕਾਂ ਨੂੰ ਉਹ ਮਿਲੇ ਸਨ ਉਨ੍ਹਾਂ ਵਿੱਚੋਂ ਡਾ. ਅੰਬੇਡਕਰ ਸਰਵ ਸ੍ਰੇਸ਼ਠ ਸ਼ਖਸੀਅਤ ਹਨ, ਉਹ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਸ਼ੈਤਾਨ ਅਤੇ ਡਾ. ਅੰਬੇਡਕਰ ਨੂੰ ਭੋਲ਼ੇ ਇਨਸਾਨ ਮੰਨਦੇ ਸਨ। ਡਾ. ਅੰਬੇਡਕਰ ਦੁਆਰਾ ਲਿਖਿਤ ਉਨ੍ਹਾਂ ਦੀ ਸਵੈ-ਜੀਵਨੀ ''ਵੀਜ਼ੇ ਦੀ ਉਡੀਕ'' ਅਮਰੀਕਾ ਦੀ ਸੁਪ੍ਰਸਿੱਧ ਕੋਲੰਬੀਆ ਯੂਨੀਵਰਸਿਟੀ ਦੇ ਪਾਠ-ਪੁਸਤਕ ਵਿੱਚ ਪੜ੍ਹਾਈ ਜਾਂਦੀ ਹੈ। ਅੱਧੀ ਦੁਨੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਲ ਮਾਰਕਸ ਬਰਾਬਰ ਉਨ੍ਹਾਂ ਦੀ ਪ੍ਰਤਿਮਾ ਲਗਾਈ ਗਈ।
ਬਾਬਾ ਸਾਹਿਬ ਡਾ.ਅੰਬੇਡਕਰ ਘਰ, ਪਰਿਵਾਰ, ਸਮਾਜ ਤੇ ਅੰਤਾਂ ਦੇ ਮਾੜੇ ਹਾਲਤਾਂ ਦੇ ਬਾਵਜੂਦ ਜ਼ਿੰਦਗੀ ਵਿੱਚ ਅਡੋਲ ਇਨਸਾਨ ਸਾਬਿਤ ਹੋਏ। ਜਿਸ ਸਮਾਜ, ਲੋਕਾਂ, ਜਾਤਾਂ, ਵਰਗਾਂ ਦੇ ਰਹਿਣ ਬਸੇਰਾ ਪਿੰਡਾਂ ਤੋਂ ਬਾਹਰ ਹੋਇਆ ਕਰਦੇ ਸੀ। ਉਸ ਸਮਾਜ ਵਿੱਚ ਜਨਮੇ ਇਨਸਾਨ ਦਾ 125 ਵਾਂ ਜਨਮ ਦਿਹਾੜਾ ਵਿਸ਼ਵ ਪੰਚਾਇਤ ਵਿੱਚ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਨੂੰ ਵਿਸ਼ਵ ਲਈ ਪ੍ਰੇਰਨਾ ਸਰੋਤ ਦੱਸਿਆ ਅਤੇ ਬਾਬਾ ਸਾਹਿਬ ਦੀਆਂ ਤਰਜੀਹਾਂ ਨੂੰ 2030 ਤੱਕ ਵਿਸ਼ਵ ਪੱਧਰ 'ਤੇ ਲਾਗੂ ਕਰਨ ਦਾ ਸੰਕਲਪ ਲਿਆ। ਬੁਲਾਰਿਆਂ ਨੇ ਕਿਹਾ ਕਿ ਭਾਰਤ ਲਈ ਹੀ ਨਹੀਂ, ਸਗੋਂ ਡਾ. ਅੰਬੇਡਕਰ ਵਿਸ਼ਵ ਦੇ ਉਨ੍ਹਾਂ ਸਾਰੇ ਦੇਸ਼ਾਂ ਲਈ ਪ੍ਰੇਰਣਾਦਾਇਕ ਸ਼ਖ਼ਸੀਅਤ ਹਨ, ਜਿਨ੍ਹਾਂ ਦੇਸ਼ਾਂ ਦੀ ਵੱਡੀ ਆਬਾਦੀ, ਗ਼ਰੀਬੀ, ਭੁੱਖਮਰੀ, ਪੱਛੜੇਪਨ ਅਤੇ ਗੈਰ-ਬਰਾਬਰੀ ਦੀ ਸ਼ਿਕਾਰ ਹੈ, ਉਨ੍ਹਾਂ ਦੇਸ਼ਾਂ ਦੀ ਜਨਤਾ ਆਪਣੇ ਨੇਤਾਵਾਂ ਵਿੱਚੋਂ ਡਾ. ਅੰਬੇਡਕਰ ਦੀ ਛਵੀ ਲੱਭ ਰਹੀ ਹੈ।
ਭਾਰਤੀ ਮਿਸ਼ਨ ਅਮਰੀਕਾ ਦੁਆਰਾ ਬਾਬਾ ਸਾਹਿਬ ਨੂੰ ''ਰਾਸ਼ਟਰੀ ਆਈਕੋਨ'' ਮੰਨਿਆ ਗਿਆ, ਉਸੇ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਵਿਸ਼ਵ ਭਰ ਵਿੱਚ ਕਰੋੜਾਂ ਭਾਰਤੀਆਂ, ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸਮਰਥਕਾਂ ਲਈ ਇੱਕ ਪ੍ਰੇਰਣਾਸ੍ਰੋਤ ਬਣੇ ਹੋਏ ਹਨ।
ਅੱਜ ਕੌਮਾਂਤਰੀ ਪੱਧਰ ਅਤੇ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ, ਦੂਤਘਰਾਂ ਅਤੇ ਅਨੇਕਾਂ ਹੋਰ ਸਥਾਨਾਂ/ਸੰਸਥਾਵਾਂ 'ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ, ਤਸਵੀਰਾਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਦਿਖਾਇਆ, ਫ਼ਿਲਮਾਇਆ ਜਾਂਦਾ ਹੈ। ਜਿੱਥੇ ਬਾਬਾ ਸਾਹਿਬ ਖ਼ੁਦ ਨਹੀਂ ਪੁੱਜ ਸਕੇ, ਉੱਥੇ ਅੱਜ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੀਆਂ ਪ੍ਰਤਿਮਾਵਾਂ ਅਤੇ ਯਾਦਗਾਰਾਂ ਕਾਇਮ ਹਨ।
ਭਾਰਤ ਵਿੱਚ ਜਿੰਨੀਆਂ ਭਾਰੀਆਂ ਥੁੜਾਂ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਿਕ ਸਮੱਸਿਆਵਾਂ ਦੇ ਦਰਮਿਆਨ ਡਾ. ਅੰਬੇਡਕਰ ਨੇ ਲਗਾਤਾਰ ਪੜ੍ਹਾਈ, ਮਿਹਨਤ, ਸੰਘਰਸ਼ ਅਤੇ ਇਤਿਹਾਸਿਕ ਕਿਤਾਬਾਂ ਲਿਖ ਕੇ ਡੂੰਘੀਆਂ ਸਿਖ਼ਰਾਂ ਨੂੰ ਪ੍ਰਾਪਤ ਕੀਤਾ। ਅੱਜ ਸੰਸਾਰ ਦੇ ਪੜ੍ਹੇ-ਲਿਖੇ ਅਤੇ ਘੱਟ ਪੜ੍ਹੇ-ਲਿਖੇ ਵਿਅਕਤੀ ਬਾਬਾ ਸਾਹਿਬ ਦੀ ਸ਼ਖ਼ਸੀਅਤ ਨੂੰ ਸਲਾਮ ਕਰਦੇ ਹਨ। ਅਜੇ ਤੱਕ ਬਾਬਾ ਸਾਹਿਬ ਵਰਗੀ ਸ਼ਖ਼ਸੀਅਤ ਦਾ ਕੋਈ ਵੀ ਸਾਨੀ ਨਹੀਂ ਹੋ ਸਕਿਆ।
ਜ਼ਿੰਦਗੀ ਭਰ ਵਿੱਚ ਬਾਬਾ ਸਾਹਿਬ ਦੀ ਵਿਰੋਧਤਾ ਕਰਨ ਵਾਲੇ ਲੋਕ ਵੀ ਅੱਜ ਬਾਬਾ ਸਾਹਿਬ ਨੂੰ ਮੰਨਣ ਨੂੰ ਮਜ਼ਬੂਰ ਹਨ। ਕਿਉਂਕਿ ਕਰੋੜਾਂ ਲੋਕਾਂ ਦਾ ਜਨ-ਸਮੂਹ ਬਾਬਾ ਸਾਹਿਬ ਨੂੰ ਆਪਣਾ ਕ੍ਰਾਂਤੀਕਾਰੀ, ਮਾਨਵ ਪੱਖੀ ਮਸੀਹਾ ਮੰਨਦੇ ਹਨ।
ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਬੁੱਤ ਵੀ ਬਾਬਾ ਸਾਹਿਬ ਦੇ ਹੀ ਸਥਾਪਿਤ ਹਨ। ਇਹ ਬੁੱਤ ਵੀ ਸਰਕਾਰਾਂ ਵੱਲੋਂ ਨਹੀਂ ਬਲਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਕੋਲੋਂ ਪੈਸੇ ਖ਼ਰਚ ਕੇ ਸਥਾਪਿਤ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਸ਼ਹਿਰਾਂ, ਗਲੀਆਂ ਤੇ ਮੁਹੱਲਿਆਂ ਤੱਕ ਦੇ ਨਾਮ ਬਾਬਾ ਸਾਹਿਬ ਦੇ ਨਾਮ 'ਤੇ ਰੱਖਣੇ ਸ਼ੁਰੂ ਹੋ ਚੁੱਕੇ ਸਨ। ਸਮੁੱਚੇ ਭਾਰਤ ਖਾਸ ਕਰਕੇ ਉੱਤਰੀ ਭਾਰਤ ਵਿੱਚ ਹਜ਼ਾਰਾਂ ਪਿੰਡਾਂ, ਸ਼ਹਿਰਾਂ, ਮੁਹੱਲੇ, ਭਵਨਾਂ, ਯਾਦਗਾਰਾਂ, ਸਭਾਵਾਂ, ਸੁਸਾਇਟੀਆਂ, ਪਾਰਕਾਂ, ਸਕੂਲਾਂ, ਕਾਲਜਾਂ ਆਦਿ ਦੇ ਨਾਮ ਤੇ ਵੀ ਬਾਬਾ ਸਾਹਿਬ ਅੰਬੇਡਕਰ ਦੇ ਨਾਮ 'ਤੇ ਹੀ ਚੱਲ ਰਹੇ ਹਨ। ਕਈ ਅਖ਼ਬਾਰ ਅਤੇ ਚੈਨਲ ਵੀ ਡਾ. ਅੰਬੇਡਕਰ ਦੇ ਨਾਮ 'ਤੇ ਚੱਲ ਰਹੇ ਹਨ।
ਬਾਬਾ ਸਾਹਿਬ ਅੰਬੇਡਕਰ ਨੇ 5 ਹਜ਼ਾਰ ਸਾਲਾਂ ਦੇ ਪਿਛੋਕੜ ਦੇ ਭਾਰਤੀ ਇਤਿਹਾਸ ਵਿੱਚ ਔਰਤ ਜਾਤੀ ਤੇ ਹੋ ਰਹੇ ਅੱਤਿਆਚਾਰਾਂ ਦੀਆਂ ਬੇੜੀਆਂ ਨੂੰ ਤੋੜ ਕੇ ਔਰਤ ਜਾਤੀ ਨੂੰ ਸਮਾਜਿਕ ਸੰਘਰਸ਼ ਰਾਹੀਂ ਕਾਨੂੰਨ 'ਤੇ ਮਰਦਾਂ ਦੇ ਬਰਾਬਰ ਹੱਕ- ਅਧਿਕਾਰ ਲੈ ਕੇ ਦਿੱਤੇ। ਜਿਸ ਦੇ ਨਤੀਜੇ ਵਜੋਂ ਭਾਰਤੀ ਔਰਤ ਵੀ ਵਿਦੇਸ਼ਾਂ ਦੀਆਂ ਔਰਤਾਂ ਦੀ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੀ ਹੈ। ਇਸੇ ਤਰ੍ਹਾਂ ਵਰਣ ਵਿਵਸਥਾ (ਕਾਲੀ-ਹਨ੍ਹੇਰੀ) ਖ਼ਿਲਾਫ਼ ਸੰਘਰਸ਼ ਸਦਕਾ ਅੱਜ ਵੱਡੇ ਤੋਂ ਵੱਡੇ ਅਹੁਦੇ 'ਤੇ ਦਲਿਤ, ਸ਼ੋਸ਼ਿਤ, ਬਹੁਜਨ ਸਮਾਜ ਦੇ ਲੋਕ ਪੁੱਜ ਰਹੇ ਹਨ।
ਆਖਿਰ ਦੁਨੀਆਂ ਭਰ ਦੇ ਵਿਦਿਆਰਥੀਆਂ, ਅਧਿਆਪਕਾਂ, ਸਮਕਾਲੀ ਆਗੂਆਂ ਡਾ.ਅੰਬੇਡਕਰ ਦੀ ਨੂੰ ਉਨ੍ਹਾਂ ਦੀ ਮਿਹਨਤ, ਲਿਆਕਤ, ਲਗਨ ਦਾ ਲੋਹਾ ਮੰਨਣਾ ਹੀ ਪਿਆ।
ਅੱਜ ਉਨ੍ਹਾਂ ਦੇ ਕਦਮ, ਕਸਮ, ਕਲਮ ਅਤੇ ਗਿਆਨ ਨੂੰ ਜਿੱਥੇ ਸਲਾਮ ਹੁੰਦੀ ਹੈ, ਉੱਥੇ ਸਬਰ, ਸਿਦਕ 'ਤੇ ਸੰਤੋਖ ਨਾਲ ਨਿਭਾਇਆ ਜ਼ੁੰਮੇਵਾਰੀਆਂ ਦੁਨੀਆਂ ਵਿੱਚ ਇੱਕ ਮਿਸਾਲ ਹਨ। ਅਜਿਹੀ ਬਹੁਪੱਖੀ ਅਤੇ ਮਹਾਨ ਸ਼ਖ਼ਸੀਅਤ ਨੇ ਦੁਨੀਆਂ ਨੂੰ ਸਾਬਤ ਕਰ ਦਿੱਤਾ ਕਿ ਸੀਮਿਤ ਸਾਧਨਾਂ ਦਾ ਸਾਹਮਣਾ ਕਰਦੇ ਹੋਏ ਮਿਹਨਤ ਨਾਲ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰਨੀਆਂ ਸੰਭਵ ਹਨ। ਵੱਡੀਆਂ ਅਤੇ ਮਾਨਵ ਪੱਖੀ, ਇਨਕਲਾਬੀ ਪ੍ਰਾਪਤੀਆਂ ਲਈ ਨਿਸ਼ਾਨੇ ਮਿੱਥਣੇ ਪੈਂਦੇ ਹਨ।
ਰਾਜਨੀਤਿਕ ਸਮਾਜਿਕ, ਧਾਰਮਿਕ, ਨਿਆਂ, ਸਮਾਨਤਾ, ਭਾਈਚਾਰਕ ਖੇਤਰ ਵਿੱਚ ਦੁਨੀਆਂ ਭਰ ਵਿੱਚ ਮਹਾਨ ਪ੍ਰਾਪਤੀਆਂ ਕਰਨ ਵਾਲੇ ਇਨਸਾਨ ਹੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।ਜਿਹਨਾਂ ਵਿੱਚੋਂ ਡਾ.ਬੀ.ਆਰ ਅੰਬੇਡਕਰ ਦਾ ਨਾਮ ਚੜ੍ਹਦੇ ਸੂਰਜ ਦੀ ਤਰ੍ਹਾਂ ਚਮਕਦਾ ਹੈ।
ਫਰਾਂਸ ਦੇ ਪ੍ਰਸਿੱਧ ਦਾਰਸ਼ਨਿਕ ਡਿਨੇਸ਼ ਡਿਡੇਕਣ ਦਾ ਕਥਨ ਹੈ ਕਿ ''ਆਮ ਲੋਕਾਂ ਦੇ ਦਿਲੋਂ ਦਿਮਾਗ਼ 'ਚ ਪੈਦਾ ਹੋਣ ਵਾਲੇ ਵਿਚਾਰ ਵੀ ਕਿਸੇ ਜੀਨੀਅਸ ਨੂੰ ਜਨਮ ਦੇ ਸਕਦੇ ਹਨ, ਜੇਕਰ ਉਨ੍ਹਾਂ 'ਤੇ ਅਮਲ ਦੀ ਆਜ਼ਾਦੀ ਵੀ ਉਸ ਨੂੰ ਮਿਲ ਸਕੇ।'' ਇਹ ਕਥਨ ਬਾਬਾ ਸਾਹਿਬ ਪ੍ਰਤੀ ਪੂਰੀ ਤਰ੍ਹਾਂ ਢੁੱਕਦਾ ਹੈ।
ਧੰਨ ਭੀਮਾ, ਧੰਨ ਤੇਰੀ ਕਮਾਈ ਵੇ,
ਆਪਣੀ ਗੁਆਕੇ ਤੂੰ ਲੱਖਾਂ ਦੀ ਬਣਾਈ ਵੇ।
ਆਓ ਉਹਨਾਂ ਦੇ 130 ਵੇਂ ਜਨਮ ਦਿਨ 'ਤੇ ਪ੍ਰਣ ਕਰੀਏ ਅਤੇ ਉਨ੍ਹਾਂਕੋਟਿਨ-ਕੋਟ ਨਮਨ ਕਰੀਏ। ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਮਨੁੱਖੀ ਅਧਿਕਾਰ, ਜਿਊਣ, ਮਾਨਣ ਦੇ ਹੱਕ ਲੈ ਕੇ ਦਿੱਤੇ ਹਨ। ਵਿਚਾਰਨ ਯੋਗ ਹੈ ਕਿ ਇਨਸਾਨ ਨੇ ਕਰੋੜਾਂ ਲੋਕਾਂ ਦਾ ਸੁਪਨਾ ਸਾਕਾਰ ਕੀਤਾ, ਕੀ ਕਰੋੜਾਂ ਲੋਕ ਮਿਲ ਕੇ ਉਸ ਇਨਸਾਨ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ।ਉਨ੍ਹਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਸਾਨੂੰ ਆਪਸੀ ਵੈਰ-ਵਿਰੋਧ ਅਤੇ ਤੰਗ-ਸੋਚਣੀ ਨੂੰ ਤਿਲਾਂਜਲੀ ਦੇਣ ਦੀ ਲੋੜ ਹੈ ਤਾਂ ਜੋ ਭਾਰਤ ਵਿੱਚ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕੇ।
ਲੇਖਕ
ਸੰਤੋਖ ਸਿੰਘ ਜੱਸੀ
ਪਿੰਡ ਤੇ ਡਾਕਖ਼ਾਨਾ: ਚੱਕ ਕਲਾਲ
ਤਹਿ:ਬੰਗਾ. ਜ਼ਿਲ੍ਹਾ:ਸ਼ਹੀਦ ਭਗਤ ਸਿੰਘ ਨਗਰ