ਇਫਟੂ ਨੇ ਰੇਹੜੀ ਵਾਲੇ ਨੂੰ ਕੁੱਟਣ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਮੰਗੀ

ਨਵਾਂਸ਼ਹਿਰ 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ)  ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਨੇ ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਕਰਨ ਨਾਮੀ ਵਿਅਕਤੀ ਦੀ ਮਾਰਕੁੱਟ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।ਅੱਜ ਇੱਥੇ ਰੇਹੜੀ ਵਰਕਰਜ਼ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ ਜਿਸਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਬੀਤੇ ਦਿਨੀਂ ਦੋ ਪੁਲਿਸ ਮੁਲਾਜ਼ਮਾਂ ਨੇ 19 ਅਪ੍ਰੈਲ ਨੂੰ ਰਾਤ ਅੱਠ ਵਜੇ ਰੇਹੜੀ ਵਾਲੇ ਕਰਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਉਸ ਦਿਨ ਰਾਤ ਦੇ ਕਰਫਿਊ ਲੱਗਣ ਦਾ ਸਮਾਂ ਰਾਤ 9 ਵਜੇ ਸ਼ੁਰੂ ਹੋਣਾ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਰੇਹੜੀ ਵਾਲੇ ਨੂੰ ਰਾਤ 8 ਵਜੇ ਹੀ ਇਹ ਕਹਿਕੇ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਉਸਨੇ ਰੇਹੜੀ ਕਿਉਂ ਨਹੀਂ ਬੰਦ ਕੀਤੀ। ਕਰਫਿਊ ਲੱਗਣ ਦਾ ਸਮਾਂ 20 ਅਪ੍ਰੈਲ ਤੋਂ ਬਦਲਣਾ ਸੀ। ਨਾਲ ਦੇ ਦੁਕਾਨਦਾਰਾਂ ਨੇ ਕਰਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਉਸਦੇ ਕਾਫੀ ਸੱਟਾਂ ਲੱਗੀਆਂ ਹਨ। ਉਸਦੀ ਐਮ ਐਲ ਆਰ ਵੀ ਕੱਟ ਹੋਈ ਹੈ ਪਰ ਪੁਲਿਸ ਅਧਿਕਾਰੀਆਂ ਵਲੋਂ ਪੁਲਿਸ ਮੁਲਾਜ਼ਮਾਂ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆਗੂਆਂ ਨੇ ਆਖਿਆ ਕਿ ਕੈਪਟਨ ਸਰਕਾਰ ਪਿਛਲੇ ਸਾਲ ਵਾਂਗੂੰ ਪੁਲਿਸ ਦੇ ਡੰਡੇ ਰਾਹੀਂ ਕਰੋਨਾ ਨਾਲ ਨਜਿੱਠਣ ਦੀ ਮੁੜ ਗਲਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਕ ਸਾਲ ਵਿਚ ਸਰਕਾਰ ਨਾ ਤਾਂ ਇਲਾਜ ਦੇ ਪੁਖਤਾ ਪ੍ਰਬੰਧ ਕਰ ਸਕੀ ਹੈ ਨਾ ਹੀ ਦਵਾਈਆਂ, ਆਕਸੀਜਨ ਅਤੇ ਬੈਡਾਂ ਦਾ ਹੀ ਸਗੋਂ ਲੌਕਡਾਉਨ ਅਤੇ ਕਰਫਿਊ ਲਾਉਣ ਦੇ ਰਾਹ ਪੈਕੇ ਲੋਕਾਂ ਦੇ ਕਾਰੋਬਾਰ ਤਬਾਹ ਕਰ ਰਹੀ ਹੈ। ਇਸ ਮੀਟਿੰਗ ਵਿਚ ਪ੍ਰਵੀਨ ਕੁਮਾਰ ਨਿਰਾਲਾ, ਹਰੇ ਰਾਮ, ਕਿਸ਼ੋਰ ਕੁਮਾਰ, ਪ੍ਰਵੇਸ਼ ਗੁਪਤਾ ਅਤੇ ਗੋਪਾਲ ਆਗੂ ਵੀ ਸ਼ਾਮਲ ਸਨ।