ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 68 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਗਵਾਇਆ ਟੀਕਾ

ਨਵਾਂਸ਼ਹਿਰ 20 ਅਪ੍ਰੈਲ (ਬਿਊਰੋ) ਜ਼ਿਲੇ ਵਿਚ ਕੋਵਿਡ ਮਹਾਮਾਰੀ ਨੂੰ ਮਾਤ ਦੇਣ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 68 ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣਾ ਟੀਕਾਕਰਨ ਕਰਵਾਇਆ ਗਿਆ। ਟੀਕਾਕਰਨ ਕਰਨ ਵਾਲੀ ਡਾ. ਅਰਵਿੰਦਰ ਕੁਮਾਰ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਵਿਚ ਸਟਾਫ ਨਰਸ ਗੁਰਮਿੰਦਰ ਕੌਰ, ਪਿਆਰੀ ਅਤੇ ਮਲਟੀਪਰਪਜ਼ ਹੈਲਥ ਵਰਕਰ ਮਨਪ੍ਰੀਤ ਕੌਰ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੋਵਿਡ ਮੁਕਤ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਜਿਥੇ ਸੈਂਪਲਿੰਗ ਅਤੇ ਕਾਨਟੈਕਟ ਟਰੇਸਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਉਥੇ ਟੀਕਾਕਰਨ ਮੁਹਿੰਮ ਵੀ ਹਫ਼ਤੇ ਦੇ ਸਾਰੇ ਦਿਨ ਜ਼ੋਰਾਂ 'ਤੇ ਚੱਲ ਰਹੀ ਹੈ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਯੋਗ ਲਾਭਪਾਤਰੀ ਟੀਕਾ ਜ਼ਰੂਰ ਲਗਵਾਉਣ, ਕਿਉਂਕਿ ਇਹੀ ਕੋਵਿਡ ਨੂੰ ਮਾਤ ਦੇਣ ਦਾ ਇਕ ਸਥਾਈ ਹੱਲ ਹੈ। ਉਨਾਂ ਕਿਹਾ ਕਿ ਕੋਵਿਡ ਰੋਕੂ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਜਾਗਰੂਕ ਲੋਕ ਹੁਣ ਆਪ ਮੁਹਾਰੇ ਟੀਕਾਕਰਨ ਲਈ ਅੱਗੇ ਆ ਰਹੇ ਹਨ, ਜੋ ਕਿ ਇਕ ਸ਼ੁੱਭ ਸੰਕੇਤ ਹੈ। 
ਕੈਪਸ਼ਨ :- ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਟੀਕਾ ਲਗਵਾਉਂਦੇ ਹੋਏ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ।