ਲੋਕਾਂ ਉਤੇ ਅੰਨੇਵਾਹ ਤਸ਼ੱਦਦ ਕਰਕੇ ਚਾਰੇ ਪਾਸੇ ਲੁੱਟ ਮਚਾ ਰਹੀ ਹੈ ਕੈਪਟਨ ਸਰਕਾਰ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 30 ਅਪ੍ਰੈਲ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਮਹਿੰਗੀ ਬਿਜਲੀ ਖਿਲਾਫ ਪਿੰਡ ਪਿੰਡ ਜਾਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਹਿੰਗੀ ਬਿਜਲੀ ਦੀ ਮਾਰ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਵੱਲੋਂ ਹਲਕੇ ਵਿੱਚ ਅਲੱਗ-ਅਲੱਗ ਟੀਮਾਂ ਬਣਾਕੇ ਬਿਜਲੀ ਅੰਦੋਲਨ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਲਵਾਹਾ ਵੱਲੋਂ ਅੱਜ ਨਵਾਂਸ਼ਹਿਰ ਹਲਕੇ ਦੇ ਪਿੰਡ ਸਜਾਵਲਪੁਰ,ਨਾਈਮਜਾਰਾ ਅਤੇ ਸਨਾਵਾ ਵਿਖੇ ਲੋਕਾਂ ਨੂੰ ਬਿਜਲੀ ਦੀ ਲੁੱਟ ਤੋਂ ਜਾਣੂੰ ਕਰਵਾਕੇ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਅਤੇ ਬਿਜਲੀ ਦੇ ਬਿੱਲ ਸਾੜਕੇ ਸੰਕੇਤਕ ਰੂਪ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਮਿਲਕੇ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਣ ਵਿੱਚ ਲੱਗੀ ਹੋਈ ਹੈ ਅਤੇ ਇਨ੍ਹਾਂ ਕਾਂਗਰਸੀ ਅਤੇ ਅਕਾਲੀਆ ਵੱਲੋਂ ਸਾਂਝੇ ਤੌਰ ਉੱਤੇ ਲੁੱਟ ਕਰਕੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਅੱਜ ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਦੀਆਂ ਬੇਹੱਦ ਘਟੀਆ ਅਤੇ ਮਾੜੀਆਂ ਨੀਤੀਆਂ ਕਾਰਨ ਸਿੱਖਿਆ ਮਾਫੀਆ, ਬਿਜਲੀ ਮਾਫ਼ੀਆ, ਰੇਤ ਮਾਫੀਆ ਅਤੇ ਸਿਹਤ ਮਾਫੀਆ ਹੱਥੋਂ ਨਿੱਤ ਦਿਨ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਹ ਸਾਰਾ ਮਾਫੀਆ ਤੰਤਰ ਖੁਦ ਕਾਂਗਰਸੀ ਅਤੇ ਅਕਾਲੀ ਲੀਡਰਾਂ ਵੱਲੋਂ ਮਿਲੀਭੁਗਤ ਕਰਕੇ ਖੁੱਲੇਆਮ ਚਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਝੂਠ ਬੋਲਕੇ ਜਿਸ ਤਰ੍ਹਾਂ ਸਰਕਾਰ ਬਣਾਈ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਲੋਕ ਹੁਣ ਇਨ੍ਹਾਂ ਕਾਂਗਰਸੀਆਂ ਅਕਾਲੀਆਂ ਅਤੇ ਭਾਜਪਾਈਆਂ ਨੂੰ ਭਵਿੱਖ ਵਿਚ ਕਦੀਂ ਵੀ ਮੂੰਹ ਨਹੀਂ ਲਾਉਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।ਪਰ ਹੁਣ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਅਕਾਲੀ ਇਕੋਂ ਸਿੱਕੇ ਦੇ ਦੋ ਪਹਿਲੂ ਹਨ ਅਤੇ ਪਿੰਡਾਂ ਵਿੱਚ ਇਹ ਆਪਣੀ ਕੁਰਸੀ ਖਾਤਿਰ ਭਰਾ ਮਾਰੂ ਜੰਗ ਕਰਾਕੇ ਖੁਦ ਇਕੱਠੇ ਇਕੋਂ ਥਾਲੀ ਵਿਚ ਰੋਟੀ ਖਾਂਦੇ ਹਨ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਸਾਬਕਾ ਸਰਪੰਚ ਜਸਪਾਲ ਸਿੰਘ ਸਜਾਵਲਪੁਰ, ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਲਛਮਣ ਮਾਨ, ਲਖਵਿੰਦਰ ਧੰਜਲ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਨਾਈਮਜਾਰਾ, ਕ੍ਰਿਸ਼ਨ ਸਨਾਵਾ,ਗੋਰਵ ਨਾਈਮਜਾਰਾ, ਸੁੱਖਪ੍ਰੀਤ ਜਲਵਾਹਾ, ਹਰਜੀਤ ਸਿੰਘ, ਸੋਹਣ ਸਿੰਘ ਆਦਿ ਸਾਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।