ਇਨਫੋਰਸਮੈਂਟ ਡਾਇਰੈਕਟੋਰੇਟ, ਮਾਇਨਿੰਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਟਿਆਲਾ 'ਚ ਗ਼ੈਰਕਾਨੂੰਨੀ ਖਨਣ ਵਿਰੁੱਧ ਸਖ਼ਤ ਕਾਰਵਾਈ

ਪਟਿਆਲਾ ਪੁਲਿਸ ਵੱਲੋਂ ਰੇਤ ਦੀ ਗ਼ੈਰਕਾਨੂੰਨੀ ਢੋਆ-ਢੁਆਈ ਵਾਲੀ ਮਸ਼ੀਨਰੀ ਤੇ ਸਾਜੋ-ਸਮਾਨ ਜਬਤ
ਪਟਿਆਲਾ, 18 ਅਪ੍ਰੈਲ: (ਬਿਊਰੋ) ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਗ਼ੈਰਕਾਨੂੰਨੀ ਖਨਣ ਨੂੰ ਨੱਥ ਪਾਉਣ ਦੇ ਮਕਸਦ ਨਾਲ ਹਾਲ ਹੀ 'ਚ ਗਠਿਤ ਕੀਤੇ ਗਏ ਇਨਫੋਰਸਮੈਂਟ ਡਾਇਰੈਕਟੋਰੇਟ, ਮਾਇਨਿੰਗ ਵੱਲੋਂ ਅਰੰਭੀ ਮੁਹਿੰਮ ਤਹਿਤ, ਡਾਇਰੈਕਟੋਰੇਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਨੇ ਜ਼ਿਲ੍ਹੇ 'ਚ ਰੇਤ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਨਫੋਰਸਮੈਟ ਡਾਇਰੈਕਟਰ, ਮਾਇਨਿੰਗ, ਪੰਜਾਬ ਆਰ.ਐਨ. ਢੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ 'ਚ ਗ਼ੈਰਕਾਨੂੰਨੀ ਖਨਣ ਦੇ ਮਾਮਲਿਆਂ ਨੂੰ ਕਰੜੇ ਹੱਥੀਂ ਸਿੱਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨੇ ਮਾਇਨਿੰਗ ਅਧਿਕਾਰੀਆਂ ਦੇ ਸਹਿਯੋਗ ਨਾਲ ਪਿੰਡ ਚਲੈਲਾ 'ਚ ਗ਼ੈਰਕਾਨੂੰਨੀ ਖਨਣ ਵਾਲੀ ਜਗ੍ਹਾ 'ਤੇ ਛਾਪੇਮਾਰੀ ਕੀਤੀ, ਜਿਥੋਂ ਇੱਕ ਪੋਕ ਲੇਨ ਜੇ.ਸੀ.ਬੀ. ਮਸ਼ੀਨ ਜਬਤ ਕੀਤੀ ਗਈ। ਇਸ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਆਈ.ਪੀ.ਸੀ. ਦੀ ਧਾਰਾ 379 ਤੇ ਮਾਈਨਜ ਐਂਡ ਮਿਨਰਜਲ (ਡਿਵੈਲਪਮੈਂਟ ਐਂਡ ਰੈਗੂਲੇਸ਼ਨਜ) ਐਕਟ, 1957 ਦੀਆਂ ਧਾਰਾਵਾਂ 4(1), 21(1) ਤਹਿਤ ਮੁਕਦਮਾ ਨੰਬਰ 74 ਮਿਤੀ 15 ਅਪ੍ਰੈਲ 2021 ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮੁੱਖ ਦੋਸ਼ੀ ਵਜੋਂ ਨਾਮਜਦ ਕੀਤੇ ਓਮ ਪ੍ਰਕਾਸ਼ ਉਰਫ਼ ਓਮੀ ਪੁੱਤਰ ਗੋਰਾ ਲਾਲ ਦੇ ਕਰੀਬੀ ਸਾਥੀ ਗੁਰਸੇਵਕ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਸਿਊਨਾ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁੱਖ ਦੋਸ਼ੀ ਓਮੀ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਜਾਂਚ ਟੀਮ ਵੱਲੋਂ ਗ਼ੈਰ ਕਾਨੂੰਨੀ ਖਨਣ ਨਾਲ ਜੁੜੇ ਹਰ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ ਤੇ ਦੋਸ਼ੀਆਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ, ਮਾਇਨਿੰਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ 'ਚ ਅਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਗ਼ੈਰਕਾਨੂੰਨੀ ਧੰਦੇ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਧੰਦੇ 'ਚ ਲਿਪਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਦੀ ਪੁਲਿਸ ਵੱਲੋਂ ਜਾਂਚ ਦੌਰਾਨ ਇੱਕ ਜੇ.ਸੀ.ਬੀ. ਮਸ਼ੀਨ ਨੰਬਰ ਪੀ.ਬੀ. 11ਸੀ.ਬੀ 6494 ਸਮੇਤ 6 ਟਿੱਪਰ, ਨੰਬਰ ਪੀ.ਬੀ. 11 ਸੀ.ਟੀ 9841, ਪੀ.ਬੀ. 11 ਬੀ.ਵਾਈ. 3994, ਪੀ.ਬੀ. 11 ਏ.ਯੂ. 9863, ਪੀ.ਬੀ. 11 ਸੀ.ਟੀ. 9841, ਪੀ.ਬੀ. 12 ਐਨ 8213, ਪੀ.ਬੀ. 11 ਬੀ.ਵਾਈ 2294, ਇੱਕ ਟਰੱਕ ਪੀ.ਬੀ. 11 ਬੀ.ਵਾਈ 5194, ਦੋ ਟ੍ਰੈਕਟਰ ਅਤੇ ਤਿੰਨ ਟਰਾਲੀਆਂ ਵੀ ਜਬਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਵੱਡੀ ਮਾਤਰਾ 'ਚ ਗ਼ੈਰਕਾਨੂੰਨੀ ਢੰਗ ਨਾਲ ਕੱਢੀ ਗਈ ਰੇਤ ਫੋਕਲ ਪੁਆਇੰਟ ਇਲਾਕੇ ਵਿੱਚੋਂ ਬਰਾਮਦ ਕੀਤੀ ਗਈ ਹੈ, ਜਿਸ ਦੀ ਮਾਤਰਾ, ਜਾਂਚ ਟੀਮ ਵੱਲੋਂ ਮਾਇਨਿੰਗ ਵਿਭਾਗ ਰਾਹੀਂ ਅਨੁਮਾਨੀ ਜਾ ਰਹੀ ਹੈ। ਪੁਲਿਸ ਦੇ ਇਹ ਵੀ ਧਿਆਨ 'ਚ ਆਇਆ ਹੈ ਕਿ ਪਿੰਡ ਚਲੈਲਾ 'ਚ ਗੁਰਮੇਲ ਸਿੰਘ ਪੁੱਤਰ ਨਿਰੰਜਨ ਸਿੰਘ, ਵੱਲੋਂ ਵਾਹੀ ਜਾਂਦੀ ਜਮੀਨ 'ਚੋਂ ਗੈਰਕਾਨੂੰਨੀ ਮਿੱਟੀ ਪੁੱਟੀ ਜਾ ਰਹੀ ਸੀ, ਕੇਸ 'ਚ ਉਸਨੂੰ ਵੀ ਨਾਮਜਦ ਕੀਤਾ ਗਿਆ ਹੈ। ਸ੍ਰੀ ਆਰ.ਐਨ. ਢੋਕੇ ਨੇ ਕਿਹਾ ਕਿ ਇਹ ਦੋਸ਼ੀ ਰੇਤ ਦੀ ਰਾਜ ਦੇ ਦੂਸਰੇ ਹਿੱਸਿਆਂ 'ਚ ਤਸਕਰੀ ਕਰਦੇ ਸਨ, ਈ.ਡੀ., ਮਾਇਨਿੰਗ ਨੇ ਵੱਡੇ ਪੱਧਰ 'ਤੇ ਚੱਲ ਰਹੇ ਇਸ ਧੰਦੇ ਨੂੰ ਬੇਨਾਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨਫਰੋਸਮੈਟ ਡਾਇਰੈਕਟੋਰੇਟ ਨੂੰ ਸਪੱਸ਼ਟ ਕਿਹਾ ਹੈ ਕਿ ਰਾਜ ਅੰਦਰ ਗ਼ੈਰਕਾਨੂੰਨੀ ਖ਼ਨਣ ਦੇ ਧੰਦੇ 'ਚ ਲੱਗੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਆਪਣੇ ਇਸ ਟੀਚੇ ਨੂੰ ਪੂਰਾ ਕਰਨ ਲਈ ਸਿਰਤੋੜ ਯਤਨ ਕਰ ਰਹੀਆਂ ਹਨ।
ਫੋਟੋ ਕੈਪਸ਼ਨ:- ਇਨਫਰੋਸਮੈਟ ਡਾਇਰੈਕਟੋਰੇਟ, ਮਾਇਨਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਵੱਲੋਂ ਗ਼ੈਰਕਾਨੂੰਨੀ ਖਨਣ ਵਾਲੀ ਜਗ੍ਹਾ 'ਤੇ ਛਾਪੇਮਾਰੀ ਕਰਕੇ ਜਬਤ ਕੀਤੀ ਪੋਕਲੇਨ ਜੇ.ਸੀ.ਬੀ. ਮਸ਼ੀਨ ਅਤੇ ਰੇਤਾ।