ਰਕਾਰੀ ਸਕੂਲਾਂ ਦਾ ਇੱਕ ਹੋਰ ਵੱਡਾ ਮਾਅਰਕਾ, ਆਨਲਾਈਨ ਪੜ੍ਹਾਈ ਕੀਤੀ ਸ਼ੁਰੂ ਕਿਤਾਬਾਂ ਵੰਡਣ ਦੀ ਮੁਹਿੰਮ ਵੀ ਸਿਖਰਾਂ 'ਤੇ

ਪਟਿਆਲਾ 18 ਅਪ੍ਰੈਲ -   ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਨੇ ਜਿੱਥੇ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਕਰਨ ਦੀ ਮੁਹਿੰਮ ਚਲਾਈ ਹੋਈ ਹੈ ਉੱਥੇ ਨਵੇਂ ਸੈਸ਼ਨ ਦੀ ਆਨਲਾਈਨ ਪੜ੍ਹਾਈ ਆਰੰਭ ਕਰਕੇ ਇੱਕ ਹੋਰ ਵੱਡਾ ਮਾਅਰਕਾ ਮਾਰ ਲਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਜਿਲ੍ਹਾ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਤੇ ਵੱਖ-ਵੱਖ ਪ੍ਰੋਜੈਕਟਾਂ ਦੇ ਸੰਚਾਲਕਾਂ ਨਾਲ ਰਾਬਤਾ ਬਣਾ ਕੇ, ਪਿਛਲੇ ਵਰ੍ਹੇ ਨਾਲੋਂ ਵੀ ਵਧੇਰੇ ਵਧੀਆ ਤਰੀਕੇ ਨਾਲ ਆਨਲਾਈਨ ਸਿੱਖਿਆ ਦੇਣ ਲਈ ਉਤਸ਼ਾਹਿਤ ਕਰ ਰਹੇ ਹਨ।   ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਪੁਸਤਕਾਂ ਵੰਡਣ ਦੀ ਮੁਹਿੰਮ ਵੀ ਸਿਖਰਾਂ 'ਤੇ ਪੁੱਜ ਚੁੱਕੀ ਹੈ। ਜਿਲ੍ਹੇ ਭਰ 'ਚ ਸਕੂਲ ਮੁਖੀਆਂ ਦੀ ਅਗਵਾਈ 'ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਰਾਹੀਂ ਪੁਸਤਕਾਂ ਵਿਦਿਆਰਥੀਆਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਆਨਲਾਈਨ ਪੜ੍ਹਾਈ ਆਰੰਭ ਕਰਵਾ ਦਿੱਤੀ ਗਈ ਹੈ, ਵਿਦਿਆਰਥੀਆਂ ਦੀ ਜਿੱਥੇ ਜੂਮ ਐਪ ਰਾਹੀਂ ਜਮਾਤਾਂ ਲਗਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਉੱਥੇ ਸੋਸ਼ਲ ਮੀਡੀਆ ਦੇ ਹੋਰਨਾਂ ਸਾਧਨਾਂ ਰਾਹੀਂ ਵੀ ਪੜ੍ਹਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ।   ਇਸ ਸਬੰਧੀ ਬਲਾਕ ਨੋਡਲ ਅਫਸਰ ਪਟਿਆਲਾ- 3 ਲਲਿਤ ਸਿੰਗਲਾ ਮੁੱਖ ਅਧਿਆਪਕ ਰਣਬੀਰਪੁਰਾ ਨੇ ਦੱਸਿਆ ਕਿ ਕੋਵਿਡ-19 ਦੇ ਨਿਯਮਾਂ ਦੇ ਦਾਇਰੇ 'ਚ ਰਹਿ ਕੇ, ਸਕੂਲ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਕੇ, ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੀ ਵਿਦਿਆਰਥਣ ਜਸ਼ਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਨਤੀਜਾ ਆਉਣ ਤੋਂ ਤੁਰੰਤ ਬਾਅਦ ਹੀ ਸਾਡੇ ਨਾਲ ਰਾਬਤਾ ਬਣਾ ਲਿਆ ਸੀ ਅਤੇ ਕਿਤਾਬਾਂ ਮਿਲਣ ਦੇ ਨਾਲ-ਨਾਲ ਆਨਲਾਈਨ ਪੜ੍ਹਾਈ ਵੀ ਆਰੰਭ ਕਰਵਾ ਦਿੱਤੀ ਗਈ ਹੈ। ਸਰਕਾਰੀ ਹਾਈ ਸਕੂਲ ਮਦਨਪੁਰ ਦੀ ਮੁੱਖ ਅਧਿਆਪਕਾਂ ਸ਼ੈਲੀ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵੱਲੋਂ ਪਿਛਲੇ ਵਰ੍ਹੇ ਪ੍ਰਦਾਨ ਕੀਤੀ ਗਈ ਆਨਲਾਈਨ ਸਿੱਖਿਆ ਤੇ ਹੋਰ ਸਹੂਲਤਾਂ ਸਦਕਾ ਇਸ ਵਾਰ ਦਾਖਲਾ ਮੁਹਿੰਮ ਦੌਰਾਨ ਮਾਪਿਆਂ ਤੇ ਆਮ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀ 'ਚ ਵੀ ਆਨਲਾਈਨ ਸਿੱਖਿਆ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਤਸਵੀਰ:- 1. ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵੰਡਣ ਦੀ ਝਲਕ।