ਇੰਗਲੈਂਡ 'ਚ ਡਾ. ਅੰਬੇਡਕਰ ਨੂੰ ਦਲਿਤਾਂ ਦਾ ਆਗੂ ਬਣਾਉਣ ਵਾਲੇ : ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ

ਸ਼ਰਧਾਂਜਲੀ : ਬਾਬੂ ਮੰਗੂ ਰਾਮ ਮੁੱਗੋਵਾਲੀਆ ਨੂੰ ਯਾਦ ਕਰਦਿਆਂ...

ਇੰਗਲੈਂਡ 'ਚ ਡਾ. ਅੰਬੇਡਕਰ ਨੂੰ ਦਲਿਤਾਂ ਦਾ ਆਗੂ ਬਣਾਉਣ ਵਾਲੇ : ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ
ਲੇਖਕ : ਸੰਤੋਖ ਸਿੰਘ ਜੱਸੀ
         ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦਾ ਜਨਮ 14 ਜਨਵਰੀ 1886 ਨੂੰ ਹੋਇਆ। ਬਾਬੂ ਮੰਗੂ ਰਾਮ ਜੀ ਚੌਧਰੀ ਦੇ ਨਾਮ ਨਾਲ ਮਸ਼ਹੂਰ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ, ਪੰਜਾਬ ਦੇ ਇੱਕ ਰਾਜਨੇਤਾ ਅਤੇ ਗਦਰ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ।
1909 ਵਿੱਚ ਉਹ ਸੰਯੁਕਤ ਰਾਜ ਅਮਰੀਕਾ ਚਲੇ ਗਏ ਅਤੇ ਗਦਰ ਪਾਰਟੀ ਨਾਲ ਜੁੜ ਗਏ। 1925 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ ਉਹ ਅਛੂਤ (ਦਲਿਤ) ਜਾਤੀ ਦੇ ਲੋਕਾਂ ਦੇ ਨੇਤਾ ਬਣ ਗਏ ਅਤੇ ਉਹਨਾਂ ਨੂੰ ਅਛੂਤ ਹੋਣ ਦੀ ਵਿਵਸਥਾ ਦੇ ਵਿਰੋਧ ਵਿੱਚ ਇੱਕਮੁੱਠ ਕੀਤਾ। ਜਿਹਨਾਂ 'ਤੇ ਬਹੁਤ ਜੁਲਮ ਹੋ ਰਹੇ ਸਨ। ਆਦਿ—ਧਰਮ ਅੰਦੋਲਨ ਜੋ ਉਸ ਸਮੇਂ ਅਛੂਤਾਂ ਲਈ ਬਰਾਬਰੀ ਦੇ ਹੱਕ ਹਾਸਲ ਕਰਨ ਲਈ ਸਮਰਪਿਤ ਸੀ, ਦੀ ਨੀਂਹ ਰੱਖਣ ਵਿੱਚ ਬਾਬੂ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ।
ਬਾਬੂ ਮੰਗੂ ਰਾਮ ਜੀ ਦਾ ਜਨਮ ਪਿਤਾ ਹਰਮਨ ਦਾਸ ਅਤੇ ਮਾਤਾ ਅਤਰੀ ਦੇ ਘਰ ਪਿੰਡ ਮੁੱਗੋਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਰਾਜ, ਬ੍ਰਿਟਿਸ਼ ਭਾਰਤ ਦੇ ਇੱਕ ਚਮਾਰ ਪਰਿਵਾਰ ਵਿੱਚ ਹੋਇਆ। ਜਦੋਂ ਬਾਬੂ ਮੰਗੂ ਰਾਮ ਜੀ 3 ਸਾਲਾਂ ਦੇ ਸਨ ਤਾਂ ਉਹਨਾਂ ਦੀ ਮਾਤਾ ਅਤਰੀ ਦੀ ਮੌਤ ਹੋ ਗਈ। ਬਾਬੂ ਮੰਗੂ ਰਾਮ ਜੀ ਦੇ ਪਿਤਾ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾਅ 'ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਪੁੱਤਰ ਨੂੰ ਵੀ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਇਸ ਲਈ ਬਾਬੂ ਮੰਗੂ ਰਾਮ ਜੀ ਨੂੰ ਮੁੱਢਲੀ ਵਿੱਦਿਆ ਲਈ ਸਕੂਲ ਵਿੱਚ ਦਾਖਲ ਕਰਵਾਇਆ।
         ਬਾਬੂ ਮੰਗੂ ਰਾਮ ਜੀ ਨੂੰ 7 ਸਾਲ ਦੀ ਉਮਰ ਤੱਕ ਪਿੰਡ ਦੇ ਇੱਕ ਸੰਤ ਨੇ ਸਿੱਖਿਆ ਦਿੱਤੀ। ਬਾਬੂ ਮੰਗੂ ਰਾਮ ਜੀ ਨੇ ਮੁੱਗੋਵਾਲ ਖੇਤਰ ਅਤੇ ਦੇਹਰਾਦੂਨ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ। ਜ਼ਿਆਦਾਤਰ ਸਕੂਲਾਂ ਵਿੱਚ ਬਾਬੂ ਮੰਗੂ ਰਾਮ ਜੀ ਇਕਲੌਤੇ ਦਲਿਤ ਵਿਦਿਆਰਥੀ ਸਨ। ਉਹਨਾਂ ਨੂੰ ਜਮਾਤ ਦੇ ਪਿਛਲੇ ਪਾਸੇ ਜਾਂ ਵੱਖਰੇ ਕਮਰੇ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਕਮਰੇ ਦੇ ਬਾਹਰ ਖੜ੍ਹੇ ਹੋ ਕੇ ਪੜ੍ਹਨਾ ਪਿਆ। ਜਦੋਂ ਉਹ ਬਜਵਾੜਾ ਦੇ ਹਾਈ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਨੂੰ ਕਮਰੇ ਦੇ ਬਾਹਰ ਰੁਕਣ ਲਈ ਮਜਬੂਰ ਕੀਤਾ ਗਿਆ ਅਤੇ ਖਿੜਕੀਆਂ ਰਾਹੀਂ ਕਲਾਸਾਂ ਸੁਣਦੇ ਸਨ। ਇੱਕ ਵਾਰ ਬਾਬੂ ਮੰਗੂ ਰਾਮ ਜੀ ਭਾਰੀ ਗੜ੍ਹੇਮਾਰੀ ਦੇ ਦੌਰਾਨ ਜਮਾਤ ਅੰਦਰ ਦਾਖਲ ਹੋ ਗਏ ਤਾਂ ਉਹਨਾਂ ਦੇ ਇੱਕ ਬ੍ਰਾਹਮਣ ਅਧਿਆਪਕ ਨੇ ਉਹਨਾਂ ਨੂੰ ਕੁੱਟਿਆ ਤੇ ਜਲੀਲ ਕੀਤਾ ਅਤੇ ਜਮਾਤ ਦੇ ਸਾਰੇ ਫਰਨੀਚਰ, ਜੋ ਇੱਕ ਅਛੂਤ ਦੇ ਜਮਾਤ ਅੰਦਰ ਆਉਣ ਨਾਲ ਭਿੱਟਿਆ ਗਿਆ ਮੰਨਿਆ ਗਿਆ ਸੀ, ਬਾਹਰ ਮੀਂਹ ਵਿੱਚ ਬੇਇੱਜ਼ਤ ਕੀਤਾ ਗਿਆ ਅਤੇ ਫਰਨੀਚਰ ਜਬਰੀ ਸਾਫ਼ ਕਰਵਾਇਆ ਗਿਆ। ਇਸ ਦੇ ਬਾਵਜੂਦ ਬਾਬੂ ਮੰਗੂ ਰਾਮ ਜੀ ਇੱਕ ਚੰਗੇ ਵਿਦਿਆਰਥੀ ਸਨ। ਉਹ ਪ੍ਰਾਇਮਰੀ ਸਕੂਲ ਵਿੱਚ ਆਪਣੀ ਜਮਾਤ ਵਿੱਚੋਂ ਤੀਜੇ ਨੰਬਰ 'ਤੇ ਆਏ ਸਨ। ਜਦੋਂ ਕਿ ਦੂਸਰੇ ਵਿਦਿਆਰਥੀਆਂ ਨੂੰ ਪਟਵਾਰੀ ਬਣਨ ਜਾਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਬਾਬੂ ਮੰਗੂ ਰਾਮ ਜੀ ਨੂੰ ਸਕੂਲ ਛੱਡਣ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਚਮਾਰ ਕੌਮ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ।
ਆਦਿ—ਧਰਮ ਲਹਿਰ ਦੀ ਪਹਿਲੀ ਦਲਿਤ ਕਾਨਫਰੰਸ
         ਬਾਬੂ ਮੰਗੂ ਰਾਮ ਨੇ ਅਮਰੀਕਾ ਤੋਂ ਵਾਪਸ ਪੰਜਾਬ ਆ ਕੇ ਪਿੰਡ—ਪਿੰਡ ਜਾ ਕੇ ਆਤਮ ਸਨਮਾਨ ਲਈ ਜਹਾਦ ਖੜ੍ਹਾ ਕਰ ਦਿੱਤਾ ਕਿ "ਅਸੀਂ ਦੋਹਰੇ ਗੁਲਾਮ ਹਾਂ।" ਇੱਕ ਪਾਸੇ ਅਸੀਂ ਅੰਗਰੇਜਾਂ ਦੇ ਗੁਲਾਮ ਹਾਂ, ਦੂਜੇ ਪਾਸੇ ਅਸੀਂ ਹਿੰਦੂਆਂ ਦੇ ਗੁਲਾਮ ਹਾਂ। ਗੁਲਾਮੀ ਤੋਂ ਛੁਟਕਾਰੇ ਲਈ ਬਾਬੂ ਜੀ ਨੇ ਪੱਛੜੀਆਂ ਸ਼੍ਰੇਣੀਆਂ ਦੀ 11—12 ਜੂਨ 1926 ਨੂੰ ਪਿੰਡ ਮੁੱਗੋਵਾਲ ਵਿਖੇ ਦੋ ਰੋਜਾ ਕਾਨਫਰੰਸ ਦਾ ਆਯੋਜਨ ਕੀਤਾ। ਕਾਨਫਰੰਸ ਵਿੱਚ ਪੰਜਾਬ ਭਰ ਤੋਂ ਪੱਛੜੀਆਂ ਸ਼੍ਰੇਣੀਆਂ ਵਾਲਮੀਕਿ, ਆਦਿ—ਧਰਮੀ, ਸਾਂਸੀ, ਭੰਜੜੇ, ਗੰਧੀਲੇ, ਬਰੜ, ਜੁਲਾਹੇ, ਮੇਘ, ਚੰਬਾਰ, ਕਬੀਰ ਪੰਥੀ, ਮਹਾਸੇ, ਡੋਮ, ਜਟੀਏ ਆਦਿ ਜਾਤਾਂ ਨੂੰ ਨੁਮਾਇੰਦਿਆਂ ਨੇ ਭਾਗ ਲਿਆ। ਅਛੂਤਾਂ ਤੋਂ ਇਲਾਵਾ ਦੂਸਰੇ ਮਜ਼ਹਬਾਂ ਈਸਾਈਆਂ, ਸਿੱਖਾਂ, ਮੁਸਲਮਾਨਾਂ, ਸਨਾਤਨੀ ਅਤੇ ਆਰੀਆ ਸਮਾਜੀਆਂ ਦੇ ਸਨਮਾਨ ਯੋਗ ਲੋਕ ਵੀ ਸ਼ਾਮਿਲ ਹੋਏ। ਇਸ ਕਰਕੇ ਇਹ ਇੱਕ ਸਫ਼ਲ ਕਾਨਫਰੰਸ ਸੀ। ਅਛੂਤਾਂ ਦੇ ਨੁਮਾਇੰਦਿਆਂ ਨੇ ਆਪਣੇ ਹਾਲਾਤਾਂ ਸੰਬੰਧੀ ਵਿਚਾਰ ਸਪੱਸ਼ਟ ਅਤੇ ਗੱਜ—ਵੱਜ ਕੇ ਕਹੇ ਉਹਨਾਂ ਨੇ ਸਾਰੇ ਪਾਖੰਡੀ ਧਰਮਾਂ ਬਾਰੇ ਦੱਸ ਕੇ ਪਾਜ ਉਘੇੜੇ। ਦੂਸਰੇ ਧਰਮਾਂ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਹਨਾਂ ਦੀ ਜ਼ਬਰਦਸਤ ਆਲੋਚਨਾ ਕੀਤੀ। ਬੇਹੱਦ ਬਹਿਸ ਅਤੇ ਦਲੀਲਬਾਜੀ ਤੋਂ ਬਾਅਦ ਰਿਸ਼ੀ ਵਾਲਮੀਕਿ, ਗੁਰੂ ਰਵਿਦਾਸ, ਗੁਰੂ ਕਬੀਰ ਅਤੇ ਗੁਰੂ ਨਾਮਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਇਹ ਫੈਸਲਾ ਕੀਤਾ ਗਿਆ ਕਿ ਅਛੂਤਾਂ ਨੂੰ ਆਦਿ—ਧਰਮੀ ਕਿਹਾ ਜਾਵੇ। ਕਾਨਫਰੰਸ ਵਿੱਚ ਸਰਬਸੰਮਤੀ ਨਾਲ 25 ਮਤੇ ਪਾਸ ਕੀਤੇ ਗਏ। ਇੱਕ ਸੌ ਮੈਂਬਰੀ ਕਮੇਟੀ ਬਣਾਈ। ਆਦਿ—ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਅਤੇ ਮੰਡਲ ਦਾ ਮੁੱਖ ਦਫ਼ਤਰ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ। ਮੁੱਗੋਵਾਲ ਕਾਨਫਰੰਸ ਸੰਬੰਧੀ ਛਪਿਆਂ ਜਜ਼ਬਾਤਾਂ ਭਰਪੂਰ ਇਸ਼ਤਿਹਾਰ ਆਰਗੇਨਾਈਜ਼ਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਸੋਵੀਨਾਰ ਕਮੇਟੀ ਮੁੱਗੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਆਦਿ—ਧਰਮ ਸਕੂਲ ਦਾ ਵੱਡਾ ਭਾਰੀ ਦੀਵਾਨ ਤੇ ਪਹਿਲਾਂ ਸਾਲਾਨਾ ਜਲਸਾ 11—12 ਜੂਨ ਦਿਨ ਐਤਵਾਰ, ਸੋਮਵਾਰ 1927 ਨੂੰ ਹੋਇਆ।  ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਬਾਬੂ ਮੰਗੂ ਰਾਮ ਜੀ ਨੇ ਆਪਣੇ ਗ੍ਰਹਿ ਪਿੰਡ ਮੁੱਗੋਵਾਲ ਵਿਖੇ ਇੱਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਿਸਦਾ ਨਾਮ ਉਹਨਾਂ ਨੇ ਆਦਿ—ਧਰਮ ਸਕੂਲ ਰੱਖਿਆ। ਇਹ ਉਹੀ ਸਕੂਲ ਸੀ, ਜਿੱਥੇ ਬਾਬੂ ਮੰਗੂ ਰਾਮ ਜੀ ਨੇ ਸਭ ਤੋਂ ਪਹਿਲਾਂ ਮੀਟਿੰਗ ਬੁਲਾਈ। ਜਿਸ ਨੇ ਆਦਿ—ਧਰਮ ਲਹਿਰ ਦੀ ਰਸਮੀ ਸ਼ੁਰੂਆਤ ਕੀਤੀ। ਆਦਿ—ਧਰਮ ਲਹਿਰ ਦੀ ਸਥਾਪਨਾ ਬ੍ਰਾਹਮਣਵਾਦੀ ਵਿਵਸਥਾ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕੀਤੀ ਗਈ ਸੀ। ਜਿਸ ਨੇ ਦਲਿਤਾਂ ਦੇ ਸਮਾਜਿਕ ਢਾਂਚੇ ਨੂੰ ਨੀਵਾਂ ਕੀਤਾ ਹੋਇਆ ਸੀ। ਦਲਿਤਾਂ ਵਲੋਂ ਜਾਤੀ ਨਾਲ ਭਰੇ ਸਮਾਜ ਵਿੱਚ ਬਰਾਬਰੀ ਹਾਸਲ ਕਰਨ ਲਈ ਇਹ ਸ਼ਾਨਦਾਰ ਕਦਮ ਸੀ। ਆਦਿ—ਧਰਮ ਅੰਦੋਲਨ ਦੇ ਜ਼ਰੀਏ, ਬਾਬੂ ਮੰਗੂ ਰਾਮ ਜੀ ਨੇ ਉੱਤਰੀ—ਭਾਰਤ ਵਿੱਚ ਦਲਿਤ ਅੰਦੋਲਨ ਦੀ ਸ਼ੁਰੂਆਤ ਕੀਤੀ।
ਬਾਬੂ ਮੰਗੂ ਰਾਮ ਜੀ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਹਨਾਂ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਉਹਨਾਂ ਦਾ ਰਾਹ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਸੀ। ਉਹਨਾਂ ਨੂੰ ਮੁਸ਼ਕਿਲਾਂ ਅਤੇ ਮੁਸ਼ਕਿਲ ਹਾਲਾਤਾਂ ਦੇ ਵਿਰੁੱਧ ਕੰਮ ਕਰਨਾ ਪਿਆ। ਬਾਬੂ ਮੰਗੂ ਰਾਮ ਜੀ ਦੁਆਰਾ ਲਿਆਂਦਾ ਗਿਆ ਸੰਦੇਸ਼ ਨਵਾਂ ਅਤੇ ਪ੍ਰੇਰਣਾਦਾਇਕ ਸੀ। ਇਸ ਦਾ ਉਦੇਸ਼ ਅਛੂਤਾਂ ਨੂੰ ਜਾਗਰੂਕ ਕਰਨਾ ਸੀ। ਸੰਦੇਸ਼ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਜਾਣਨ ਅਤੇ ਮਹਿਸੂਸ ਕਰਨ ਲਈ ਕਿਹਾ ਗਿਆ, ਕਿਉਂਕਿ ਉਹ ਦੁਸ਼ਮਣਾਂ ਦੇ ਪ੍ਰਭਾਵਾਂ ਕਾਰਨ ਆਪਣੇ ਸੱਚੇ ਆਪੇ ਨੂੰ ਭੁੱਲ ਗਏ ਹਨ। ਜਿਸ ਵਿੱਚ ਉਹ ਹਜ਼ਾਰਾਂ ਸਾਲਾਂ ਤੋਂ ਜੀ ਰਹੇ ਸਨ। ਇਹ ਕਲਪਨਾ ਅਤੇ ਦੱਬੇ—ਕੁੱਚਲੇ ਲੋਕਾਂ ਦੇ ਦਿਲਾਂ ਨੂੰ ਫੜ੍ਹ ਲਿਆ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਅਗਵਾਈ ਹੇਠ 1932 ਨੂੰ ਜਦੋਂ ਮਹਾਤਮਾ ਗਾਂਧੀ ਨੇ ਗੋਲਮੇਜ਼ ਕਾਨਫ਼ਰੰਸ ਲੰਡਨ ਵਿੱਚ ਐਲਾਨ ਕੀਤਾ ਕਿ ਉਹ ਹੀ ਦਲਿਤਾਂ (ਅਛੂਤਾਂ) ਦਾ ਆਗੂ ਹੈ ਤਾਂ ਬਾਬੂ ਮੰਗੂ ਰਾਮ ਜੀ ਨੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਆਪਣਾ ਭਾਵ ਦਲਿਤਾਂ (ਅਛੂਤਾਂ) ਦਾ ਆਗੂ ਮੰਨਿਆ ਅਤੇ ਬਾਬਾ ਸਾਹਿਬ ਦੇ ਹੱਕ ਵਿੱਚ ਤਾਰਾਂ (ਟੈਲੀਗ੍ਰਾਮ) ਭੇਜੀਆਂ ਤੇ ਲਿਖਿਆ ਕਿ ਸਾਡੇ ਅਛੂਤਾਂ ਦੇ ਆਗੂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਹੀ ਹਨ।  
ਸੰਘਰਸ਼ ਤੇ ਪੰਛੀ ਝਾਤ
         ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਜਾਤ—ਆਧਾਰਿਤ ਵਿਤਕਰੇ ਨੂੰ ਆਪਣੇ ਤਨ—ਬਦਨ ਤੇ ਹੰਢਾਇਆ। 1909 ਵਿੱਚ ਯੂ.ਐਸ.ਏ. ਚਲੇ ਗਏ ਅਤੇ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾਂ ਦੇ ਸੰਪਰਕ ਵਿੱਚ ਆਏ ਅਤੇ ਇਸ ਲਹਿਰ ਵਿੱਚ ਕੰਮ ਕੀਤਾ ਉਪਰੰਤ ਫਿਲਪਾਈਨ (ਮਨੀਲਾ) ਸ਼੍ਰੀ ਲੰਕਾ ਹੁੰਦੇ ਹੋਏ 1925 ਵਿੱਚ ਵਤਨ ਪਰਤੇ ਅਤੇ ਆਪਣੇ ਪਿੰਡ ਪਹਿਲਾ ਆਦਿ—ਧਰਮ ਪ੍ਰਾਇਮਰੀ ਸਕੂਲ ਖੋਲਿ੍ਹਆ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 11—12 ਜੂਨ 1926 ਨੂੰ ਇਸ ਸਕੂਲ ਵਿੱਚ ਇੱਕ ਵਿਸ਼ਾਲ ਜਲਸਾ ਕੀਤਾ, ਜਿਸ ਵਿੱਚ ਚੂਹੜੇ—ਚਮਾਰ ਦੀ ਜਗ੍ਹਾ 'ਆਦਿ—ਧਰਮੀ' ਨਾਂ ਵਰਤਣ ਦਾ ਫੈਸਲਾ ਹੋਇਆ। ਆਦਿ—ਧਰਮ ਮੰਡਲ ਦੀ ਸਥਾਪਨਾ ਕੀਤੀ।

     ਇਸ ਸੰਮੇਲਨ ਵਿੱਚ ਦਲਿਤ ਵਰਗਾਂ ਦੀਆਂ ਗਰੀਬ 36 ਜਾਤਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਬਾਬੂ ਮੰਗੂ ਰਾਮ ਆਦਿ—ਧਰਮ ਮੰਡਲ ਦੇ ਪਹਿਲੇ ਪ੍ਰਧਾਨ ਥਾਪੇ ਗਏ। ਮੰਡਲ ਦਾ ਮੁੱਖ ਦਫ਼ਤਰ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ। ਜਨਵਰੀ 1928 ਨੂੰ ਸਾਈਮਨ ਕਮਿਸ਼ਨ ਸਾਹਮਣੇ ਆਪਣਾ ਪੱਖ ਪੇਸ਼ ਕਰਦਿਆਂ ਬਾਬੂ ਮੰਗੂ ਰਾਮ ਨੇ ਸਬੂਤਾਂ ਸਹਿਤ ਦੱਸਿਆ ਕਿ ਉਹ ਆਦਿ—ਧਰਮੀ, ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ ਨਹੀਂ। ਲੰਮੇ ਸੰਘਰਸ਼ ਅਤੇ ਦਲੀਲਬਾਜੀ ਤੋਂ ਬਾਅਦ ਦਲਿਤਾਂ ਨੂੰ 'ਆਦਿ—ਧਰਮ' ਜਾਂ 'ਆਦਿ—ਧਰਮੀ' ਹੋਣ ਦਾ ਨਾਂ ਮਨਜੂਰ ਹੋਇਆ। ਜਨਵਰੀ 1928 ਵਿੱਚ 15 ਮੰਨੇ—ਪ੍ਰਮੰਨੇ ਵਿਅਕਤੀਆਂ ਦਾ ਡੈਪੂਟੇਸ਼ਨ ਰੋਇਲ ਕਮਿਸ਼ਨ ਸਾਹਮਣੇ ਪੇਸ਼ ਹੋਇਆ ਸੀ। ਸੰਨ 1929 ਵਿੱਚ ਪੰਜਾਬ ਦੇ ਗਵਰਨਰ ਜਲੰਧਰ ਆਏ ਤਾਂ ਬਾਬੂ ਜੀ ਨੇ 300 ਵਿਅਕਤੀਆਂ ਦੇ ਨਾਲ ਉਸ ਨਾਲ ਮੁਲਾਕਾਤ ਕੀਤੀ ਅਤੇ ਮੈਮੋਰੰਡਮ ਦਿੱਤਾ। 1930 ਵਿੱਚ ਆਦਿ—ਧਰਮ ਮੰਡਲ ਦਾ ਨਾਮ ਰਜਿਸਟਰਡ ਹੋ ਗਿਆ। 1931 ਦੀ ਮਰਦਮਸ਼ੁਮਾਰੀ ਵਿੱਚ ਲੱਖਾਂ ਲੋਕਾਂ ਨੇ ਆਪਣੇ ਆਪ ਨੂੰ ਆਦਿ—ਧਰਮੀ ਲਿਖਵਾਇਆ। ਸੰਨ 1932 ਵਿੱਚ ਲੰਡਨ ਗੋਲਮੇਜ਼ ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਆਦਿ—ਧਰਮ ਮੰਡਲ ਵਲੋਂ, ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਪੱਖ ਵਿੱਚ 57 ਟੈਲੀਗ੍ਰਾਮਾਂ ਭੇਜੀਆਂ ਗਈਆਂ। ਉਸ ਵੇਲੇ ਬਾਬਾ ਸਾਹਿਬ ਗਾਂਧੀ ਦੇ ਮੁਕਾਬਲੇ 7 ਵੋਟਾਂ ਨਾਲ ਅਛੂਤਾਂ (ਡਿਪ੍ਰੈੱਸਡ ਕਲਾਸਾਂ) ਦੇ ਆਗੂ ਪ੍ਰਵਾਨੇ ਗਏ। ਇਸ ਹਾਰ ਕਾਰਨ ਗਾਂਧੀ ਜੀ ਨੂੰ ਵਾਪਸ ਭਾਰਤ ਪਰਤਣਾ ਪਿਆ। ਕਮਿਊਨਲ ਐਵਾਰਡ ਵਿਰੁੱਧ ਗਾਂਧੀ ਨੇ ਮਰਨ ਵਰਤ ਰੱਖਿਆ ਤਾਂ ਮੁਕਾਬਲੇ ਤੇ ਬਾਬੂ ਮੰਗੂ ਰਾਮ ਨੇ ਵੀ ਵਰਤ ਰੱਖਿਆ ਸੀ। ਆਦਿ—ਧਰਮ ਮੰਡਲ ਜਲੰਧਰ ਨੇ ਸਪਤਾਹਿਕ 'ਆਦਿ—ਡੰਕਾ' ਅਖ਼ਬਾਰ ਵੀ ਕੱਢਿਆ। ਸੰਨ 1946 ਵਿੱਚ ਬਾਬੂ ਜੀ ਐਮ.ਐਲ.ਏ. ਚੁਣੇ ਗਏ। ਫਰੀਡਮ ਫਾਈਟਰ ਤੌਰ ਤੇ 15 ਅਗਸਤ 1972 ਨੂੰ ਸ਼੍ਰੀਮਤੀ ਇੰਦਰਾ ਗਾਂਧੀ 'ਤਾਮਰ ਪੱਤਰ' ਦੇ ਕੇ ਸਨਮਾਨਿਤ ਕੀਤਾ ਤੇ 200/— ਰੁਪਏ ਮਹੀਨਾ ਪੈਨਸ਼ਨ ਲੱਗੀ। 22 ਮਈ 1977 'ਆਦਿ—ਧਰਮ' ਬ੍ਰਦਰਹੁੱਡ ਯੂ.ਕੇ. ਦੇ ਸੱਦੇ ਤੇ 6 ਮਹੀਨੇ ਲਈ ਇੰਗਲੈਂਡ ਦੀ ਯਾਤਰਾ ਤੇ ਗਏ। ਅੰਤ 22 ਅਪ੍ਰੈਲ 1980 ਨੂੰ 94 ਸਾਲ ਦੀ ਉਮਰ ਚ ਦੇਸ਼ ਕੌਮ ਦਾ ਨਿਧੜਕ ਯੋਧਾ ਸਾਥੋਂ ਸਦਾ ਲਈ ਵਿੱਛੜ ਗਿਆ। ਇਹ ਗਦਰੀ ਆਗੂ, ਬਾਨੀ ਆਦਿ—ਧਰਮ ਅਤੇ ਆਦਿ—ਧਰਮ ਦੀ ਲਹਿਰ, ਸਾਡੇ ਇਤਿਹਾਸ ਦਾ ਇੱਕ ਸ਼ਾਨਦਾਰ ਪੰਨਾ ਹੈ।
ਬਾਬਾ ਸਾਹਿਬ ਦਾ ਸਵਾਗਤ
         ਬਾਬੂ ਮੰਗੂ ਰਾਮ ਮੁੱਗੋਵਾਲੀਆ ਪ੍ਰਧਾਨ ਆਦਿ—ਧਰਮ ਮੰਡਲ ਅਤੇ ਮੰਡਲ ਦੇ ਹੋਰ ਤਮਾਮ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਅਤੇ ਸਮਾਜ ਦੇ ਸ਼ੁੱਭਚਿੰਤਕਾਂ ਨੇ ਬਾਬਾ ਸਾਹਿਬ ਦਾ ਸਵਾਗਤ ਕਰਦਿਆਂ ਕਿਹਾ ਕਿ "ਅਸੀਂ ਖੁਸ਼ੀ ਨਾਲ ਯਕੀਨ ਕਰਦੇ ਹਾਂ ਕਿ ਆਪ ਦੇ ਹੱਥ ਵਿੱਚ ਸਾਡੇ ਹੱਕ ਸੁਰੱਖਿਅਤ ਹਨ। ਆਉਣ ਵਾਲੀਆਂ ਪੀੜ੍ਹੀਆਂ ਡਿਪ੍ਰੈੱਸਡ ਕਲਾਸਜ਼ ਦੇ ਚੈਂਪੀਅਨ ਵਜੋਂ ਸੁਨਹਿਰੀ ਅੱਖਰਾਂ ਵਿੱਚ ਆਪ ਨੂੰ ਯਾਦ ਕਰੇਗੀ।"
ਪੂਨਾ ਪੈਕਟ:—
          ਪੂਨਾ ਪੈਕਟ ਮੁਤਾਬਿਕ 175 ਸੀਟਾਂ ਅਛੂਤਾਂ ਦੇ ਹਿੱਸੇ ਆਈਆਂ। ਪੰਜਾਬ ਦੇ ਹਿੱਸੇ 8 ਸੀਟਾਂ ਆਈਆਂ। 7 ਸੀਟਾਂ ਤੇ ਆਦਿ—ਧਰਮ ਦੇ ਉਮੀਦਵਾਰ ਸਫ਼ਲ ਹੋਏ। ਇਹ ਬਾਬਾ ਸਾਹਿਬ ਦੇ ਸਹਿਯੋਗ ਨਾਲ ਆਦਿ—ਧਰਮ ਮੰਡਲ ਦੀ ਇੱਕ ਮਹਾਨ ਰਾਜਨੀਤਿਕ ਜਿੱਤ ਸੀ।
ਕਾਂਸ਼ੀ ਰਾਮ ਦਾ ਸੰਦੇਸ਼
         ਬਹੁਜਨ ਨਾਇਕ, ਕਰੋੜਾਂ ਲੋਕਾਂ ਦੇ ਮਸੀਹਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਇੱਕ ਵਾਰ ਕਿਹਾ ਕਿ ਮੈਂ ਡੂੰਘੀ ਸੋਚ—ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ ਕਿ ਜੇਕਰ ਅਸੀਂ ਇਸ ਦੇਸ਼ ਵਿੱਚ ਪਰਿਵਰਤਨ ਲਿਆਉਣਾ ਹੈ ਤਾਂ ਪੂਰੇ ਦੇਸ਼ ਵਿੱਚ 100 ਮਹਾਂਪੁਰਸ਼ ਹਨ। ਜਿਹਨਾਂ ਦੀ ਵਿਚਾਰਧਾਰਾ ਤੋਂ ਸਬਕ ਸਿੱਖ ਕੇ ਮਿਸ਼ਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਹਨਾਂ ਨੂੰ ਯਾਦ ਰੱਖੋ। ਉਹਨਾਂ ਤੋਂ ਬਿਨ੍ਹਾਂ ਅਸੀਂ ਅੱਗੇ ਨਹੀਂ ਵਧ ਸਕਦੇ। ਉਹਨਾਂ ਨੇ ਇਹਨਾਂ ਮਹਾਂਪੁਰਸ਼ਾਂ ਨੂੰ ਬਹੁਜਨ ਮਹਾਂਪੁਰਸ਼ਾਂ ਦਾ ਨਾਮ ਦਿੱਤਾ। ਇਹਨਾਂ ਮਹਾਂਪੁਰਸ਼ਾਂ ਨੂੰ ਅਪਣਾ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ। ਕਿਤੇ ਭੁੱਲ ਨਾ ਜਾਇਓ ਆਪਣੇ ਰਹਿਬਰਾਂ ਨੂੰ ਇੱਕ ਸਮਾਗਮ ਦੌਰਾਨ ਉਹਨਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਸੰਘਰਸ਼ ਦੀ ਘਾਲਣਾ ਨੂੰ ਵਿਸ਼ੇਸ਼ ਤੌਰ ਤੇ ਸਰਾਹਿਆ ਅਤੇ ਕਿਹਾ ਕਿ ਅਜਿਹੇ ਮਹਾਂਪੁਰਸ਼ ਦੀ ਕੁਰਬਾਨੀ ਪੰਜਾਬ ਦੇ ਲੋਕਾਂ ਲਈ ਰਾਹ ਦਸੇਰਾ ਹੈ।
ਨਿੱਕੇ ਮੋਟੇ ਝਗੜੇ ਛੱਡ ਕੇ ਪਿਛਾਂਹ, ਤੇ ਬੰਨ ਲਓ ਸਿਰਾਂ ਤੇ ਲਾਲ ਪੱਗਾਂ,
ਅਸੀਂ ਕੋਈ ਹੋਰ ਕੌਮ ਨਾ, ਬਲਕਿ ਬਣਾਉਣੀ ਆਪਣੀ ਕੌਮ ਆ,
ਇਸ ਲਈ ਆਦਿ—ਧਰਮੀਓ, ਤਕੜੇ ਹੋ ਜਾਓ, ਤਕੜੇ ਹੋ ਜਾਓ...।
ਅਜਿਹੇ ਗੀਤ ਉਸ ਵੇਲੇ ਅਛੂਤਾਂ ਦੀ ਇੱਛਾ—ਸ਼ਕਤੀ ਤੇ ਹੌਂਸਲੇ ਵਧਾਉਣ ਲਈ ਗਾਏ ਜਾਂਦੇ ਸਨ।

          ਅਛੂਤ (ਦਲਿਤ) ਲੋਕਾਂ ਦਾ ਇਹ ਆਗੂ (ਮੁੱਗੋਵਾਲੀਆ) ਕੌਮ ਦਾ ਸਰਮਾਇਆ ਹੈ। ਲੋਕ ਮਨਾਂ ਵਿੱਚ ਵਸਿਆ ਹੋਇਆ ਹੈ। ਹੁਣ ਸਾਨੂੰ ਸਮਝਦਾਰੀ, ਬੁੱਧੀ ਨਾਲ ਰਲ਼—ਮਿਲ਼ ਕੇ ਆਪਸੀ ਮੱਤਭੇਦ ਦੂਰ ਕਰਨ ਦੀ ਲੋੜ੍ਹ ਹੈ। ਇਸ ਤਰ੍ਹਾਂ ਆਪਸੀ ਖੁਦਗਰਜ਼ੀ, ਅਖੌਤੀ ਲੈਫਟੀਨੈਂਟ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਮਾਜ ਦਾ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਜੋ ਰਹਿਬਰਾਂ ਦੇ ਸੁਪਨਿਆਂ ਨੂੰ ਅਮਲੀ ਰੂਪ ਵਿੱਚ ਪੂਰਾ ਕੀਤਾ ਜਾ ਸਕੇ।

ਪਿੰਡ ਤੇ ਡਾਕ: ਚੱਕ ਕਲਾਲ, ਤਹਿ: ਬੰਗਾ,
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਫੋਨ ਨੰ: 70876—19800
ਤਸਵੀਰਾਂ : ਲੇਖਕ ਸੰਤੋਖ ਸਿੰਘ ਰਾਹੀਂ