ਨਵਾਂਸ਼ਹਿਰ, 11 ਅਪ੍ਰੈਲ:- (ਵਿਸ਼ੇਸ਼ ਪ੍ਰਤੀਨਿਧੀ) ਅੱਜ ਐਤਵਾਰ ਨੂੰ ਜ਼ਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋਂ ਸੁਰਿੰਦਰ ਕੁਮਾਰ, ਸੁਖਵਿੰਦਰ ਕੁਮਾਰ ਅਤੇ ਵਰਿੰਦਰ ਕੁਮਾਰ ਕੰਪਿਊਟਰ ਅਧਿਆਪਕਾਂ ਨਾਲ ਧਾਰਮਿਕ ਅਸਥਾਨ ਉੱਪਰ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਕੈਂਪੇਨ ਕੀਤੀ। ਇਸ ਮੌਕੇ ਜ਼ਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋਂ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ, ਬਿਹਤਰ ਸਿੱਖਿਆ ਅਤੇ ਸਰਵ ਪੱਖੀ ਵਿਕਾਸ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ।ਸਰਕਾਰੀ ਸਕੂਲ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਹਨ । ਸਰਕਾਰੀ ਸਕੂਲਾਂ ਵਿੱਚ ਮਿਹਨਤੀ ਅਤੇ ਤਜਰਬੇਕਾਰ ਅਧਿਆਪਕ ਨਿਯੁਕਤ ਹਨ।ਸਰਕਾਰੀ ਸਕੂਲਾਂ ਵਿੱਚ ਨਰਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਵਿੱਚ ਸਮਾਰਟ ਕਲਾਸ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਲਈ ਸਾਨੂੰ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਮਿਲ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਹਨੀਂ ਇਲਾਕਾ ਨਿਵਾਸੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਸੌ ਪ੍ਰਤੀਸ਼ਤ ਬਿਨਾ ਨਕਲ ਤੋਂ ਆ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੇ ਇੰਗਲਿਸ਼ ਬੂਸਟਰ ਕਲੱਬਾਂ ਕਰਕੇ ਬੱਚੇ ਫਰਾਟੇਦਾਰ ਇੰਗਲਿਸ਼ ਬੋਲ ਰਹੇ ਹਨ। ਕੰਪਿਊਟਰ,ਮੈਥ ਅਤੇ ਸਾਇੰਸ ਲੈਬਜ਼ ਵਿੱਚ ਬੱਚੇ ਆਪਣੇ ਹੱਥੀ ਪ੍ਰੈਕਟੀਕਲ ਕਰਕੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਤਾਲਾਬੰਦੀ ਦੇ ਬਾਵਜੂਦ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਮਾਧਿਅਮ ਰਾਹੀਂ ਨਿਰਵਿਘਨ ਜਾਰੀ ਹੈ। ਇਸ ਮੌਕੇ ਕੰਪਿਊਟਰ ਅਧਿਆਪਕ ਵਰਿੰਦਰ ਕੁਮਾਰ, ਸੁਰਿੰਦਰ ਕੁਮਾਰ ਅਤੇ ਸੁਖਵਿੰਦਰ ਕੁਮਾਰ ਵੱਲੋਂ ਵੀ ਲੋਕਾ ਨੂੰ ਸੰਬੋਧਨ ਕਰਦਿਆਂ ਸਕੂਲਾਂ ਵਿੱਚ ਉਪਲੱਬਧ ਵੱਖ ਵੱਖ ਸਹੂਲਤਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਜੈਕਟਰ ਦਾ ਇਸਤੇਮਾਲ ਕਰ ਲੋਕਾਂ ਨੂੰ ਸਕੂਲਾਂ ਦੀ ਬਦਲੀ ਨੁਹਾਰ ਦੇ ਰੂਹ ਬਰੂ ਵੀ ਕਰਵਾਇਆ ਗਿਆ ਅਤੇ ਸੰਗਤਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਅਪੀਲ ਕੀਤੀ। ਸੰਗਤਾਂ ਵੱਲੋਂ ਵਿਚਾਰ ਵਟਾਂਦਰਾ ਕਰਦੇ ਸਮੇਂ ਭਰੋਸਾ ਦਿੱਤਾ ਕਿ ਉਹ ਜ਼ਰੂਰ ਆਪਣੇ ਅਤੇ ਆਸ ਪਾਸ ਦੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣਗੇ। ਅੰਤ ਵਿੱਚ ਜ਼ਿਲ੍ਹਾ ਟੀਮ ਵੱਲੋਂ ਚਰਚ ਦੀ ਪ੍ਰਬੰਧਕੀ ਕਮੇਟੀ ਅਤੇ ਵਰਿੰਦਰ ਕੁਮਾਰ ਜੀ ਦਾ ਸੰਪੂਰਨ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕੀਤਾ। ਚਰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਿਲ੍ਹਾ ਮੈਂਟੋਰ ਯੂਨਸ ਖੋਖਰ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ।