ਰਾਹੋਂ/ਨਵਾਂਸ਼ਹਿਰ, 15 ਅਪ੍ਰੈਲ: (ਬਿਊਰੋ) ਨਗਰ ਕੌਂਸਲ ਦਫ਼ਤਰ ਰਾਹੋਂ ਵਿਖੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਅਮਰਜੀਤ ਸਿੰਘ ਨੂੰ ਨਗਰ ਕੌਂਸਲ ਰਾਹੋਂ ਦਾ ਪ੍ਰਧਾਨ ਅਤੇ ਮੋਹਿੰਦਰ ਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਕਨਵੀਨਰ-ਕਮ-ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਦੇਖ-ਰੇਖ ਹੋਈ ਇਸ ਚੋਣ ਦੌਰਾਨ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਨਗਰ ਕੌਂਸਲ ਰਾਹੋਂ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਸਰੀਨ ਵੀ ਮੌਜੂਦ ਰਹੇ। ਚੋਣ ਤੋਂ ਪਹਿਲਾਂ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਵੱਲੋਂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਨੂੰ ਵੀ ਸਹੁੰ ਚੁਕਾਈ ਗਈ। ਕਨਵੀਨਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਮੈਂਬਰਾਂ ਤੋਂ ਤਜਵੀਜ਼ ਮੰਗਣ 'ਤੇ ਮੈਂਬਰ ਮਨਜੀਤ ਕੌਰ ਵੱਲੋਂ ਵੱਲੋਂ ਅਮਰਜੀਤ ਸਿੰਘ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਮੈਂਬਰ ਮਨਜੀਤ ਕੌਰ ਵੱਲੋਂ ਕੀਤੀ ਗਈ। ਇਸ ਉਪਰੰਤ ਮੈਂਬਰ ਹੇਮੰਤ ਕੁਮਾਰ ਵੱਲੋਂ ਸੁਭਾਸ਼ ਚੰਦਰ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਬਿਮਲ ਕੁਮਾਰ ਵੱਲੋਂ ਕੀਤੀ ਗਈ। ਇਸ 'ਤੇ ਕਨਵੀਨਰ ਵੱਲੋਂ ਹੱਥ ਖੜੇ ਕਰਵਾ ਕੇ ਵੋਟਿੰਗ ਕਰਵਾਈ ਗਈ, ਜਿਸ ਵਿਚ ਅਮਰਜੀਤ ਸਿੰਘ ਨੂੰ 8 ਅਤੇ ਸੁਭਾਸ਼ ਚੰਦਰ ਨੂੰ 6 ਵੋਟਾਂ ਪਈਆਂ। ਇਸ ਤਰਾਂ ਅਮਰਜੀਤ ਸਿੰਘ 2 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ। ਇਸੇ ਤਰਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰਾਂ ਤੋਂ ਤਜਵੀਜ਼ ਮੰਗਣ 'ਤੇ ਮੈਂਬਰ ਸ਼ੀਤਲ ਚੋਪੜਾ ਨੇ ਮੋਹਿੰਦਰ ਪਾਲ ਦਾ ਨਾਂਅ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਅਤੇ ਦਵਿੰਦਰ ਕੁਮਾਰ ਵੱਲੋਂ ਇਸ ਦੀ ਤਾਈਦ ਕੀਤੀ ਗਈ। ਅਗਲੇ ਨਾਂਅ ਦੀ ਤਜਵੀਜ਼ ਮੰਗਣ 'ਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੋਹਿੰਦਰ ਪਾਲ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਨਵੇਂ ਚੁਣੇ ਗਏ ਪ੍ਰਧਾਨ ਅਮਰਜੀਤ ਸਿੰਘ ਅਤੇ ਮੀਤ ਪ੍ਰਧਾਨ ਮੋਹਿੰਦਰ ਪਾਲ ਨੂੰ ਵਧਾਈ ਦਿੰਦਿਆਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜੀਅ-ਜਾਨ ਨਾਲ ਕੰਮ ਕੰਮ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ ਪ੍ਰਧਾਨ ਅਮਰਜੀਤ ਸਿੰਘ ਅਤੇ ਮੀਤ ਪ੍ਰਧਾਨ ਮੋਹਿੰਦਰ ਪਾਲ ਨੇ ਉਨਾਂ 'ਤੇ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਸਭਨਾਂ ਦੇ ਸਹਿਯੋਗ ਨਾਲ ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।