ਜ਼ਿਲੇ ਦੀਆਂ ਮੰਡੀਆਂ ਵਿਚ ਰੋਜ਼ਾਨਾ ਖ਼ਰੀਦ ਪ੍ਰਕਿਰਿਆ ’ਤੇ ਰੱਖ ਰਹੇ ਨੇ ਨਿਗਰਾਨੀ-ਕਰਨਲ ਚੂਹੜ ਸਿੰਘ

ਖੁਸ਼ਹਾਲੀ ਦੇ ਰਾਖਿਆਂ ਦਾ ਕਣਕ ਦੀ ਸੁਚੱਜੀ ਖ਼ਰੀਦ ਵਿਚ ਵਿਸ਼ੇਸ਼ ਯੋਗਦਾਨ
ਨਵਾਂਸ਼ਹਿਰ, 25 ਅਪ੍ਰੈਲ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਾਰੀਆਂ ਮੰਡੀਆਂ ਵਿਚ ਇਸ ਵੇਲੇ ਕਣਕ ਦੀ ਖ਼ਰੀਦ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇਕ ਪਾਸੇ ਜਿਥੇ ਸਰਕਾਰੀ ਤੰਤਰ, ਖ਼ਰੀਦ ਏਜੰਸੀਆਂ ਅਤੇ ਖ਼ਰੀਦ ਪ੍ਰਕਿਰਿਆ ਨਾਲ ਸਬੰਧਤ ਹੋਰ ਧਿਰਾਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਵਿਚ ਜੀਅ-ਜਾਨ ਨਾਲ ਜੁਟੀਆਂ ਹੋਈਆਂ ਹਨ, ਉਥੇ ਹੀ ਪੰਜਾਬ ਸਰਕਾਰ ਦੀਆਂ ਅੱਖਾਂ ਤੇ ਕੰਨ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀਜ਼) ਵੀ ਕਣਕ ਦੀ ਸੁਚੱਜੀ ਖ਼ਰੀਦ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਆਪਣੀ ਜਿਣਸ ਮੰਡੀਆਂ ਵਿਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲੇ ਦੀਆਂ ਮੰਡੀਆਂ ਵਿਚ ਡਟੇ ਹੋਏ ਹਨ। ਜੀ. ਓ. ਜੀਜ਼ ਦੇ ਜ਼ਿਲਾ ਹੈੱਡ ਕਰਨਲ ਚੂਹੜ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਪਾਰਦਰਸ਼ੀ ਢੰਗ ਨਾਲ ਖ਼ਰੀਦ ਕਰਵਾਉਣ, ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨਾਂ ਨੂੰ ਦਰਪੇਸ਼ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲੇ ਦੀਆਂ ਮੰਡੀਆਂ ਵਿਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ ਵਿਚ ਜਾ ਰਹੇ ਹਨ। ਉਨਾਂ ਦੱਸਿਆ ਕਿ ਖੁਸ਼ਹਾਲੀ ਰਾਖੇ ਮੰਡੀਆਂ ਵਿਚ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਜਾਗਰੂਕਤਾ ਦੇ ਨਾਲ-ਨਾਲ ਸਾਰੇ ਇਹਤਿਆਤਾਂ ਦੀ ਪਾਲਣਾ ਵੀ ਕਰਵਾਉਂਦੇ ਹਨ। ਇਸ ਤੋਂ ਇਲਾਵਾ ਉਹ ਆੜਤੀਆਂ, ਕਿਸਾਨਾਂ, ਮਜ਼ਦੂਰਾਂ ਆਦਿ ਨੂੰ ਕੋਵਿਡ ਰੋਕੂ ਟੀਕਾਕਰਨ ਲਈ ਪ੍ਰੇਰਿਤ ਕਰ ਕੇ ਉਨਾਂ ਦਾ ਟੀਕਾਕਰਨ ਵੀ ਕਰਵਾ ਰਹੇ ਹਨ। ਕਰਨਲ ਚੂਹੜ ਸਿੰਘ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਜਿਥੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ, ਸਾਫ਼-ਸਫ਼ਾਈ, ਹੱਥ ਧੋਣ ਅਤੇ ਮਾਸਕਾਂ ਆਦਿ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ 128 ਜੀ. ਓ. ਜੀਜ਼ ਸੇਵਾਵਾਂ ਨਿਭਾਅ ਰਹੇ ਹਨ, ਜਿਨਾਂ ਵੱਲੋਂ ਚੱਲ ਰਹੀ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ 'ਮਿਸ਼ਨ ਵੈਕਸੀਨ ਸੇਵਾ' ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਪ੍ਰੇਰਿਤ ਕਰਕੇ ਉਨਾਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ।    
ਕੈਪਸ਼ਨਾਂ : - ਮੰਡੀਆਂ ਵਿਚ ਸੁਚਾਰੂ ਖ਼ਰੀਦ ਪ੍ਰਬੰਧ ਯਕੀਨੀ ਬਣਾਉਣ ਲਈ ਡਟੇ ਹੋਏ ਖੁਸ਼ਹਾਲੀ ਦੇ ਰਾਖੇ।