ਨਵਾਂਸ਼ਹਿਰ, 9 ਮਾਰਚ 2021: (ਬਿਊਰੋ) ਕੋਵਿਡ-19 ਦੇ ਵਧ ਰਹੇ ਕੇਸਾਂ ਤੋਂ ਚਿੰਤਤ ਕੇਂਦਰ ਸਰਕਾਰ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਵਿਡ-19 ਦੀ ਸਥਿਤੀ ਦੀ ਮੁੜ ਸਮੀਖਿਆ ਕੀਤੀ ਹੈ। ਪਿਛਲੇ ਦੋ ਮਹੀਨਿਆਂ ਵਿਚ ਇਹ ਤੀਜੀ ਵਾਰ ਹੈ, ਜਦੋਂ ਦਿੱਲੀ ਤੋਂ ਕੇਂਦਰੀ ਟੀਮ ਸ਼ਹਿਰੀ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਆਈ ਹੈ। ਕੇਂਦਰੀ ਟੀਮ ਦੇ ਮੈਂਬਰਾਂ ਨੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਸਮੇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੋਵਿਡ-19 ਦੇ ਵਧ ਰਹੇ ਕੇਸਾਂ ਦੇ ਕਾਰਨ, ਬਚਾਅ, ਉਪਚਾਰ ਅਤੇ ਕੋਵਿਡ-19 ਦੀ ਰੋਕਥਾਮ ਲਈ ਉਠਾਏ ਗਏ ਕਦਮਾਂ ਬਾਰੇ ਬਾਰੀਕੀ ਨਾਲ ਗੱਲਬਾਤ ਕੀਤੀ। ਕੇਂਦਰੀ ਟੀਮ ਜਿਸ ਵਿਚ ਡਾ. ਰਮੇਸ਼ ਚੰਦਰਾ, ਡਿਪਟੀ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ, ਨਵੀਂ ਦਿੱਲੀ ਅਤੇ ਡਾ ਰਿਤੇਸ਼ ਗੁਪਤਾ ਪ੍ਰੋਫੈਸਰ ਆਫ ਮੈਡੀਸਨ, ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਨਵੀਂ ਦਿੱਲੀ, ਸ਼ਾਮਲ ਸਨ, ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਿਵੀਜਨ ਹਸਪਤਾਲ, ਬਲਾਚੌਰ ਅਤੇ ਰਾਜਾ ਹਸਪਤਾਲ ਨਵਾਂਸ਼ਹਿਰ ਵਿਖੇ ਸਥਾਪਿਤ ਲੈਵਲ-2 ਅਤੇ ਲੈਵਲ-3 ਸੈਂਟਰਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਕੇਂਦਰੀ ਟੀਮ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਸਥਾਪਿਤ ਕੋਵਿਡ-19 ਸਬੰਧੀ ਆਈਸੋਲੇਸ਼ਨ ਵਾਰਡ ਅਤੇ ਟੀਕਾਕਰਨ ਕੇਂਦਰਾਂ ਉੱਤੇ ਚੱਲ ਰਹੇ ਟੀਕਾਕਰਨ ਦੇ ਕੰਮ ਦੀ ਸਮੀਖਿਆ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੋਰੋਨਾ ਮਰੀਜ਼ਾਂ ਦੇ ਇਲਾਜ ਸਬੰਧੀ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੁਰ, ਡਬਲਿਊ.ਐਚ.ਓ ਦੇ ਐਸ ਐਮ ਓ ਡਾ ਗਗਨ ਸ਼ਰਮਾ ਅਤੇ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਸਤਵਿੰਦਰ ਪਾਲ ਸਿੰਘ, ਡਾ ਗੁਰਪਾਲ ਕਟਾਰੀਆ ਅਤੇ ਡਾ ਨਿਰਮਲ ਕੁਮਾਰ ਨਾਲ ਵਿਚਾਰ ਵਟਾਂਦਰਾ ਕੀਤਾ। ਕੇਂਦਰੀ ਟੀਮ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਤਹਿਤ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਟੀਕਾ ਲਗਾਇਆ ਜਾਵੇ। ਕੋਵਿਡ-19 ਦੇ ਵਾਧੇ ਨੂੰ ਰੋਕਣ ਲਈ 'ਹੋਮ ਆਈਸੇਲੇਸ਼ਨ' ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਲੋਕਾਂ ਵੱਲੋਂ ਕੋਵਿਡ-19 ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਡਾ. ਰਮੇਸ਼ ਚੰਦਰਾ ਅਤੇ ਡਾ ਰਿਤੇਸ਼ ਗੁਪਤਾ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਲਈ ਨਿਗਰਾਨੀ, ਟੈਸਟਿੰਗ, ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਨੇ ਕੋਰੋਨਾ ਕਾਲ ਵਿਚ ਬਿਹਤਰ ਕੰਮ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਕੋਰੋਨਾ ਪਾਜੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ, ਤਾਂ ਉਸ ਨੂੰ ਤੁਰੰਤ ਹੋਮ ਕੁਆਰਨਟੀਨ ਕਰਵਾਇਆ ਜਾਵੇ। ਉਨ੍ਹਾਂ ਨੇ ਕੋਵਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਤੁਰੰਤ ਸੈਂਪਲੰਿਗ ਕਰਵਾਉਣ ਅਤੇ ਕੰਟੇਨਮੈਂਟ ਜ਼ੋਨਾਂ ਵਿਚ 100 ਫੀਸਦੀ ਸੈਂਪਲੰਿਗ ਯਕੀਨੀ ਬਣਾਉਣ ਲਈ ਕਿਹਾ। ਇਸੇ ਤਰ੍ਹਾਂ ਉਨਾਂ ਕੋਵਿਡ ਨਿਯਮਾਂ ਜਿਵੇਂ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਧੋਣ ਜਾਂ ਸੈਨੀਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਦੀ ਪਾਲਣਾ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਇਸ ਉਪਰੰਤ ਕੇਂਦਰੀ ਟੀਮ ਨੇ ਬਲਾਚੌਰ ਦੇ ਸਬ ਡਿਵੀਜਨ ਹਸਪਤਾਲ ਅਤੇ ਵਾਰਡ ਨੰਬਰ 13 ਦੇ ਮਾਈਕਰੋ ਕੰਟੇਨਮੈਂਟ ਏਰੀਏ ਦਾ ਦੌਰਾ ਵੀ ਕੀਤਾ ਅਤੇ ਮੌਕੇ ਉੱਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜੇ.ਬੀ. ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਤਰਸੇਮ ਲਾਲ ਅਤੇ ਸੀਨੀਅਰ ਅਸਿਸਟੈਂਟ ਅਜੇ ਕੁਮਾਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।